ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨਾਮਜ਼ਦਗੀ ਦਾਖ਼ਲ ਕਰਨ ਜ਼ਿਲ੍ਹਾ ਦਫ਼ਤਰ ਪਹੁੰਚੇ। ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹੇਸ਼ ਇੰਦਰ ਗਰੇਵਾਲ ਨੇ ਵੀ ਅੱਜ ਆਪਣੀ ਨਾਮਜ਼ਦਗੀ ਦਾਖਲ ਕੀਤੀ। ਇਸੇ ਦੌਰਾਨ ਦੋਵਾਂ ਨੇ ਇੱਕ-ਦੂਜੇ 'ਤੇ ਨਿਸ਼ਾਨੇਬਾਜ਼ੀ ਵੀ ਕੀਤੀ। ਇੱਥੋਂ ਤਕ ਕਿ ਦੋਵਾਂ ਪਾਰਟੀਆਂ ਦੇ ਵਰਕਰmahesh ਆਪਸ 'ਚ ਉਲਝਦੇ ਵੀ ਨਜ਼ਰ ਆਏ।


ਜ਼ਿਕਰਯੋਗ ਹੈ ਕਿ ਦੋਵੇਂ ਪਾਰਟੀਆਂ ਦੇ ਉਮੀਦਵਾਰ ਇੱਕੋ ਹੀ ਸਮੇਂ ਨਾਮਜ਼ਦਗੀ ਦਾਖ਼ਲ ਕਰਨ ਲਈ ਪਹੁੰਚੇ ਸੀ। ਇਸ ਕਰਕੇ ਪੁਲਿਸ ਵੱਲੋਂ ਲਾਏ ਬੈਰੀਗੇਟਾਂ 'ਤੇ ਪਾਰਟੀਆਂ ਦੇ ਵਰਕਰ ਆਪਸ ਵਿੱਚ ਉਲਝ ਗਏ। ਉਨ੍ਹਾਂ ਇੱਕ-ਦੂਜੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਹਾਲਾਂਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਉਮੀਦਵਾਰ ਆਪੋ-ਆਪਣੇ ਵਰਕਰਾਂ ਦਾ ਪੱਖ ਲੈਂਦੇ ਹੋਏ ਵਿਖਾਈ ਦਿੱਤੇ।

ਇਸ ਮੌਕੇ ਸਿਮਰਜੀਤ ਬੈਂਸ ਨੇ ਕਿਹਾ ਕਿ ਅੱਜ ਉਹ ਨਾ ਤਾਂ ਵਰਕਰਾਂ ਦਾ ਇਕੱਠ ਲੈ ਕੇ ਆਏ ਹਨ ਤੇ ਨਾ ਹੀ ਕੋਈ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ ਬਲਕਿ ਉਹ ਉਨ੍ਹਾਂ ਪੀੜਤਾਂ ਨਾਲ ਆਏ ਹਨ, ਜਿਨ੍ਹਾਂ ਦੇ ਬੱਚੇ ਜਾਂ ਤਾਂ ਨਸ਼ਿਆਂ ਨੇ ਖਾ ਲਏ ਜਾਂ ਫਿਰ ਕਰਜ਼ੇ ਨੇ ਨਿਗਲ ਲਏ। ਉਨ੍ਹਾਂ ਲੁਧਿਆਣਾ ਤੋਂ ਆਪਣੀ ਜਿੱਤ ਦਾ ਦਾਅਵਾ ਕੀਤਾ ਤੇ ਨਾਲ ਹੀ ਬੀਤੇ ਦਿਨ ਰਵਨੀਤ ਬਿੱਟੂ ਵੱਲੋਂ ਰੋਡ ਜਾਮ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਉਨ੍ਹਾਂ ਤੋਂ ਡਰ ਗਏ ਹਨ, ਇਸੇ ਲਈ ਉਨ੍ਹਾਂ ਨੂੰ ਫਿਰੋਜ਼ਪੁਰ ਭੇਜਣ ਦੀਆਂ ਸਲਾਹ ਦੇ ਰਹੇ ਹਨ।

ਉਧਰ, ਦੂਜੇ ਪਾਸੇ ਅੱਜ ਹੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਗਰੇਵਾਲ ਨੇ ਵੀ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ। ਉਨ੍ਹਾਂ ਕਿਹਾ ਕਿ ਉਹ ਬਹੁਤ ਸ਼ਾਂਤਮਈ ਢੰਗ ਨਾਲ ਨਾਮਜ਼ਦਗੀ ਦਾਖ਼ਲ ਕਰਨ ਲਈ ਪਹੁੰਚੇ ਹਨ ਪਰ ਜਦੋਂ ਉਨ੍ਹਾਂ ਨੂੰ ਵਰਕਰਾਂ ਵੱਲੋਂ ਨਾਅਰੇਬਾਜ਼ੀ ਕਰਨ ਬਾਰੇ ਪੁੱਛਿਆ ਗਿਆ ਤਾਂ ਕਿਹਾ ਕਿ ਇਹ ਅਕਾਲੀ ਦਲ ਦੇ ਵਰਕਰ ਹਨ, ਇਸ ਕਰਕੇ ਨਾਅਰੇਬਾਜ਼ੀ ਕਰਨਗੇ, ਉਨ੍ਹਾਂ ਵਿੱਚ ਜੋਸ਼ ਹੈ। ਇਸ ਦੇ ਨਾਲ ਹੀ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਰਵਨੀਤ ਬਿੱਟੂ ਤੇ ਬੈਂਸ ਨਾਲ ਕੋਈ ਮੁਕਾਬਲਾ ਨਹੀਂ। ਉਨ੍ਹਾਂ ਨੇ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ।