ਫਰੀਦਕੋਟ: ਇੱਥੋਂ ਦੇ ਹਲਕਾ ਕੋਟਕਪੂਰਾ ਦੇ ਥਾਣਾ ਸਦਰ ਦੇ ਪਿੰਡ ਕੋਟਸੁਖੀਆ ਸਥਿਤ ਡੇਰਾ ਹਰਕਾ ਦਾਸ ਗਊਸ਼ਾਲਾ 'ਚ ਵੀਰਵਾਰ ਸ਼ਾਮ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਡੇਰਾ ਮੁਖੀ ਬਾਬਾ ਹਰੀਦਾਸ ਦੇ ਚੇਲੇ ਤੇ ਡੇਰੇ ਦੇ ਸੇਵਾਦਾਰ ਬਾਬਾ ਦਿਆਲ ਦਾਸ (55) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਸਲ ਜਾਣਕਾਰੀ ਮੁਤਾਬਕ ਡੇਰਾ ਹਰ ਕਾ ਦਾਸ ਦੇ ਮੁਖੀ ਬਾਬਾ ਹਰੀਦਾਸ ਬਜ਼ੁਰਗ ਹਨ ਤੇ ਇਨ੍ਹੀਂ ਦਿਨੀਂ ਬੀਮਾਰ ਵੀ ਚੱਲ ਰਹੇ ਹਨ।



ਡੇਰਾ ਮੁਖੀ ਦੇ ਬੀਮਾਰ ਹੋਣ ਦੀ ਵਜ੍ਹਾ ਨਾਲ ਇਨ੍ਹੀਂ ਦਿਨੀਂ ਡੇਰੇ ਦੇ ਸਾਰੇ ਕੰਮਕਾਜ ਦੀ ਨਿਗਰਾਨੀ ਸੇਵਾਦਾਰ ਬਾਬਾ ਦਿਆਲ ਦਾਸ ਵੱਲੋਂ ਕੀਤੀ ਜਾ ਰਹੀ ਸੀ। ਅੱਜ ਸ਼ਾਮ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਡੇਰੇ ਪਹੁੰਚੇ ਤੇ ਡੇਰੇ ਦੀ ਗਊਸ਼ਾਲਾ 'ਚ ਆ ਕੇ ਪਸ਼ੂਆਂ ਨੂੰ ਚਾਰਾ ਤੇ ਗੁੜ ਪਾਉਣ ਲੱਗੇ।

ਇਸ ਦੌਰਾਨ ਉਨ੍ਹਾਂ ਨੇ ਉੱਥੇ ਕਿਸੇ ਤੋਂ ਬਾਬਾ ਦਿਆਲ ਦਾਸ ਬਾਰੇ ਜਾਣਕਾਰੀ ਮੰਗੀ ਤੇ ਖਾਣਾ ਖਾ ਰਹੇ ਬਾਬਾ ਦਿਆਲ ਦਾਸ 'ਤੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ ਹਮਲਾਵਾਰਾਂ ਨੇ ਬਾਬਾ ਦਿਆਲ ਦਾਸ 'ਤੇ ਕਰੀਬ 5-6 ਗੋਲੀਆਂ ਚਲਾਈਆਂ ਤੇ 3 ਗੋਲੀਆਂ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ।



ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਡੀਐਸਪੀ ਕੋਟਕਪੂਰਾ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ 'ਚ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।