ਚੰਡੀਗੜ੍ਹ: ਕਰਤਾਪੁਰ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੱਧੂ ਮੁੜ ਸੁਰਖੀਆਂ ਵਿੱਚ ਹਨ। ਜਦੋਂ ਕਰਤਾਪੁਰ ਲਾਂਘਾ ਖੁੱਲ੍ਹਣ ਦੀ ਗੱਲ ਤੁਰੀ ਤਾਂ ਉਸ ਵੇਲੇ ਵੀ ਸਿੱਧੂ ਹੀ ਸੁਰਖੀਆਂ ਵਿੱਚ ਸੀ। ਬੇਸ਼ੱਕ ਇਸ ਵੇਲੇ ਸਿੱਧੂ ਪੰਜਾਬ ਸਰਕਾਰ ਦੇ ਮੰਤਰੀ ਨਹੀਂ ਪਰ ਪਾਕਿਸਤਾਨ ਨੇ ਉਨ੍ਹਾਂ ਨੂੰ ਖਾਸ ਮਾਣ-ਸਨਮਾਨ ਦਿੱਤਾ ਹੈ। ਪਾਕਿਸਤਾਨ ਦੇ ਸੱਦੇ ਤੇ ਭਾਰਤ ਸਰਕਾਰ ਵੱਲੋਂ ਇਜਾਜ਼ਤ ਦੇਣ ਵਿੱਚ ਦੇਰੀ ਕਰਕੇ ਹੀ ਸਿੱਧੂ ਸੁਰਖੀਆਂ ਵਿੱਚ ਛਾ ਗਏ।


ਦਰਅਸਲ ਸਿੱਧੂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਪਾਕਿਸਤਾਨ ਵਿੱਚ ਹੋਣ ਵਾਲੇ ਸਮਾਗਮ ਲਈ ਭਾਰਤ ਸਰਕਾਰ ਤੋਂ ਇਜਾਜ਼ਤ ਮੰਗੀ ਸੀ। ਲਗਾਤਾਰ ਦੋ ਚਿੱਠੀਆਂ ਲਿਖਣ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਕੋਈ ਜਵਾਬ ਨਾ ਆਇਆ ਤਾਂ ਉਨ੍ਹਾਂ ਨੇ ਵੀਰਵਾਰ ਨੂੰ ਤਲਖੀ ਭਰੀ ਚਿੱਠੀ ਲਿਖ ਮਾਰੀ। ਇਸ ਮਗਰੋਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ। ਸਿੱਧੂ ਹੁਣ ਸਿਆਸੀ ਪ੍ਰਵਾਨਗੀ ਤਹਿਤ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਹੀ ਪਾਕਿਸਤਾਨ ਜਾ ਸਕਣਗੇ।

ਸਾਬਕਾ ਮੰਤਰੀ ਸਿੱਧੂ ਨੇ ਮੰਤਰਾਲੇ ਨੂੰ ਲਿਖੇ ਤੀਜੇ ਪੱਤਰ ਵਿੱਚ ਕਿਹਾ ਸੀ ਕਿ ਮੰਤਰਾਲਾ ਸਪਸ਼ਟ ਕਰੇ ਕਿ ਉਨ੍ਹਾਂ ਦੇ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਜਾਣ ’ਤੇ ਮੰਤਰਾਲੇ ਨੂੰ ਕੋਈ ਉਜਰ ਹੈ ਜਾਂ ਨਹੀਂ। ਸਿੱਧੂ ਨੇ ਪੱਤਰ ਵਿੱਚ ਇਹ ਵੀ ਕਿਹਾ ਕਿ ਜੇਕਰ ਉਸ ਦੇ ਇਸ ਪੱਤਰ ਦਾ ਕੋਈ ਜਵਾਬ ਨਾ ਮਿਲਿਆ ਤਾਂ ਉਹ ‘ਹੋਰਨਾਂ ਸ਼ਰਧਾਲੂਆਂ’ ਵਾਂਗ ਸਰਹੱਦ ਪਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਏਗਾ।

ਉਧਰ, ਵਿਦੇਸ਼ ਮੰਤਰਾਲੇ ਨੇ ਸਿੱਧੂ ਵੱਲੋਂ ਪਾਕਿਸਤਾਨ ਫੇਰੀ ਦੀ ਇਜਾਜ਼ਤ ਲਈ ਮੁੜ-ਮੁੜ ਗੁਜ਼ਾਰਸ਼ ਕੀਤੇ ਜਾਣ ਦਾ ਨੋਟਿਸ ਲੈਂਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ‘ਵੱਡਾ ਇਤਿਹਾਸਕ’ ਸਮਾਗਮ ਹੈ ਤੇ ਕਿਸੇ ਇੱਕ ‘ਵਿਅਕਤੀ ਵਿਸ਼ੇਸ਼’ ਨੂੰ ਲਗਾਤਾਰ ਉਭਾਰੇ ਜਾਣਾ ਇਸ ਨਾਲ ਨਾਇਨਸਾਫ਼ੀ ਹੋਵੇਗੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਇਹ ਟਿੱਪਣੀਆਂ ਸਿੱਧੂ ਵੱਲੋਂ ਮੰਤਰਾਲੇ ਨੂੰ ਲਿਖੇ ਪੱਤਰ ਦੇ ਸੰਦਰਭ ਵਿੱਚ ਕੀਤੀਆਂ ਸੀ।