ਖੇਤੀਬਾੜੀ ਵਿਭਾਗ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਜ਼ਬਰਦਸਤ ਗੜੇਮਾਰੀ ਹੋਈ ਹੈ ਜਿਸ ਕਾਰਨ ਝੋਨੇ ਦੀ ਕਿਸਮ 1121 ਜਿਸ ਦੀ ਅਜੇ ਤੱਕ ਕਟਾਈ ਨਹੀਂ ਹੋਈ ਸੀ ਹੋਈ, ਉਹ ਪੂਰੀ ਤਰ੍ਹਾਂ ਖੇਤਾਂ ਵਿੱਚ ਹੀ ਝੜ ਗਈ ਹੈ। ਮੰਡੀਆਂ ’ਚ ਪਈ ਬਾਸਮਤੀ ਦੀ ਫਸਲ 50 ਫੀਸਦੀ ਤੱਕ ਨੁਕਸਾਨੀ ਗਈ ਹੈ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਤੇਜ਼ ਮੀਂਹ ਪਿਆ ਹੈ।
ਨਰਮਾ ਪੱਟੀ ਵਿੱਚ ਮੀਂਹ ਪੈਣ ਕਾਰਨ ਨਰਮੇ ਤੇ ਕਪਾਹ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ। ਖੇਤੀਬਾੜੀ ਵਿਭਾਗ ਤੇ ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮਾਲਵੇ ਦੇ ਕੁਝ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਤੇ ਲੁਧਿਆਣਾ ਦੇ ਕੁੱਝ ਹਿੱਸਿਆਂ ਵਿੱਚ ਵੀ ਬਾਰਸ਼ ਹੋਈ ਹੈ। ਕੰਢੀ ਖੇਤਰ ਦੇ ਕੁਝ ਜ਼ਿਲ੍ਹਿਆਂ ਸਮੇਤ ਪਟਿਆਲਾ, ਮੁਹਾਲੀ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਹੋਰਨੀਂ ਥਾਈਂ ਵੀ ਮੀਂਹ ਪਿਆ ਹੈ।