India Vs Canada: ਭਾਰਤ ਨੇ ਕੈਨੇਡਾ ਨਾਲ ਤਣਾਅ ਵਿਚਾਲੇ ਇੱਕ ਹੋਰ ਐਕਸ਼ਨ ਲਿਆ ਹੈ। ਭਾਰਤ ਨੇ ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਕਰ ਦਿੱਤਾ ਹੈ ਜਿਸ ਤੋਂ ਬਾਅਦ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਵਾਂ ਦੋਵਾਂ ਨੂੰ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੀ ਅਪੀਲ ਕੀਤੀ ਹੈ।
ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਕੈਨੇਡਾ ਅਤੇ ਭਾਰਤ ਵਿਚਾਲੇ ਟਕਰਾਅ ਸਭ ਤੋਂ ਮੰਦਭਾਗਾ ਹੈ। ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਬੰਦ ਕਰਨ ਨਾਲ ਨਾ ਸਿਰਫ਼ ਸਬੰਧਾਂ ਵਿੱਚ ਤਣਾਅ ਪੈਦਾ ਹੋਵੇਗਾ ਬਲਕਿ ਲੱਖਾਂ ਭਾਰਤੀਆਂ ਲਈ ਵੀ ਮੁਸ਼ਕਲਾਂ ਪੈਦਾ ਹੋਣਗੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ ਜੋ ਕੈਨੇਡਾ ਵਿੱਚ ਵਸ ਗਏ ਹਨ ਅਤੇ ਹੁਣ ਕੈਨੇਡੀਅਨ ਨਾਗਰਿਕ ਹਨ। ਮੈਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੱਲਬਾਤ ਰਾਹੀਂ ਮਸਲਿਆਂ ਨੂੰ ਸੁਲਝਾਉਣ ਦੀ ਅਪੀਲ ਕਰਦਾ ਹਾਂ। ਇਹੀ ਇੱਕੋ ਇੱਕ ਰਸਤਾ ਹੈ।
ਉਧਰ, ਭਾਰਤ ਵੱਲੋਂ ਕੈਨੇਡਾ ਵਿੱਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਤਾਂ ਕੈਨੇਡਾ ਨੇ ਪਲਟਵਾਰ ਕਰਦਿਆਂ ਭਾਰਤ ਦੀ ਸਲਾਹ ਨੂੰ ਰੱਦ ਕਰ ਦਿੱਤਾ ਹੈ। ਕੈਨੇਡਾ ਨੇ ਕਿਹਾ ਹੈ ਕਿ ਇਹ ਮੁਲਕ ਦੁਨੀਆ ਦੇ ਸਭ ਤੋਂ ਸੁਰੱਖਿਅਤ ਮੁਲਕਾਂ ਵਿੱਚੋਂ ਇੱਕ ਹੈ। ਹਾਸਲ ਜਾਣਕਾਰੀ ਮੁਤਾਬਕ ਕੈਨੇਡਾ ਦੀ ਸਰਕਾਰ ਨੇ ਦੇਸ਼ ਵਿੱਚ ਸੁਰੱਖਿਆ ਖਤਰਿਆਂ ਬਾਰੇ ਭਾਰਤ ਵੱਲੋਂ ਜਾਰੀ ਕੀਤੀ ਯਾਤਰਾ ਸਲਾਹ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਕੈਨੇਡਾ ਦੁਨੀਆ ਦੇ ਸਭ ਤੋਂ ਸੁਰੱਖਿਅਤ ਮੁਲਕਾਂ ਵਿੱਚੋਂ ਇੱਕ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਭਾਰਤੀ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਦੇਸ਼ ਦੀ ਯਾਤਰਾ ਕਰਨਾ ਸੁਰੱਖਿਅਤ ਹੈ।
ਇਹ ਵੀ ਪੜ੍ਹੋ: India-Canada Tension: ਕੈਨੇਡਾ ਦੇ ਸੱਚ ਜਾਂ ਝੂਠ ਦਾ ਹੋਵੇਗਾ ਖ਼ੁਲਾਸਾ ? 'ਜਾਂਚ ਲਈ ਤਿਆਰ ਹੈ ਭਾਰਤ ਪਰ ਪਹਿਲਾਂ ਕੈਨੇਡਾ ਦੇਵੇ ਸਬੂਤ'