ਬਠਿੰਡਾ: ਆਮ ਆਦਮੀ ਪਾਰਟੀ ਦੀ ਬਠਿੰਡਾ ਤੋਂ ਉਮੀਦਵਾਰ ਬਲਜਿੰਦਰ ਕੌਰ ਦੇ ਨਾਮਜ਼ਦਗੀ ਨੂੰ ਹਾਈਕੋਰਟ ਦੇ ਵਿੱਚ ਦਿੱਤੀ ਗਈ ਚੁਣੌਤੀ ਬਾਰੇ ਅਕਾਲੀ ਦਲ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਇਹ ਸੁਖਪਾਲ ਖਹਿਰਾ ਦੀ ਸ਼ਰਾਰਤ ਹੈ ਕਿਉਂਕਿ ਖਹਿਰਾ ਖ਼ੁਦ 'ਆਪ' ਦੀ ਵੋਟ 'ਤੇ ਨਜ਼ਰਾਂ ਟਿਕਾਈ ਬੈਠੇ ਹਨ। ਮਜੀਠੀਆ ਅਕਾਲੀ ਦਲ ਤੇ ਬੀਜੇਪੀ ਦੀ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ। ਇੱਥੇ ਉਨ੍ਹਾਂ ਬੇਅਦਬੀ ਦੇ ਮੁੱਦੇ 'ਤੇ ਘੇਰਨ ਵਾਲੇ ਕਾਂਗਰਸੀਆਂ ਨੂੰ 1984 ਦਾ ਸਿੱਖ ਕਤਲੇਆਮ ਯਾਦ ਕਰਵਾਇਆ। ਮਜੀਠੀਆ ਨੇ ਕਿਹਾ ਕਿ 1984 ਵਿੱਚ ਤਾਂ ਕਾਂਗਰਸ ਨੇ ਹਜ਼ਾਰਾਂ ਸਿੱਖਾਂ ਦਾ ਖ਼ੂਨ ਵਹਾਇਆ ਤੇ 300 ਤੋਂ ਵੱਧ ਗੁਰਦੁਆਰਾ ਸਾਹਿਬ ਢਾਹ ਕੇ ਬੇਅਦਬੀ ਕੀਤੀ।


ਸਬੰਧਿਤ ਖ਼ਬਰ: 'ਆਪ' ਉਮੀਦਵਾਰ ਬਲਜਿੰਦਰ ਕੌਰ ਦੇ ਨਾਮਜ਼ਦਗੀ 'ਤੇ ਤਲਵਾਰ!

ਲੋਕ ਸਭਾ ਹਲਕਾ ਬਠਿੰਡਾ ਦੇ ਬੁਢਲਾਡਾ ਵਿਧਾਨ ਸਭਾ ਖੇਤਰ ਤੋਂ ਚੋਣ ਪ੍ਰਚਾਰ ਕਰਦਿਆਂ ਮਜੀਠੀਆ ਨੇ ਕਈ ਦਰਜਨ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਤੋਂ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸਵਾਲ ਕਰਨ ਵਾਲਿਆਂ ਨੂੰ ਚਪੇੜਾਂ ਪੈ ਰਹੀਆਂ ਹਨ, ਜਿਸ ਤੋਂ ਕਾਂਗਰਸ ਦੀ ਬੁਖ਼ਾਲਹਟ ਪਤਾ ਚੱਲਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਲਈ ਮਾਫ਼ੀ ਮੰਗਣੀ ਚਾਹੀਦੀ ਹੈ।

ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦੇ ਬਿਆਨ 'ਤੇ ਮਜੀਠੀਆ ਨੇ ਕਿਹਾ ਕਿ ਵੜਿੰਗ ਪਹਿਲਾਂ ਆਪ ਗੁਰੂ ਵਾਲੇ ਬਣਨ, ਕੇਸ ਕਤਲ ਕਰਵਾਉਣ ਵਾਲਿਆਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ। ਦੱਸ ਦੇਈਏ ਰਾਜਾ ਵੜਿੰਗ ਨੇ ਬਿਆਨ ਦਿੱਤਾ ਸੀ ਕਿ ਲੋਕ ਉਨ੍ਹਾਂ ਨੂੰ ਵੋਟ ਦੇਣ ਜਾਂ ਨਾਂ ਦੇਣ, ਪਰ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੋਟ ਨਾ ਪਾਈ ਜਾਏ।