ਬਠਿੰਡਾ: ਸੀਬੀਐਸਈ ਦਸਵੀਂ ਦਾ ਨਤੀਜਾ ਐਲਾਨਿਆ ਜਾ ਚੁੱਕਿਆ ਹੈ ਤੇ ਬਠਿੰਡਾ ਦੀ ਮਾਨਿਆ ਨੇ ਇਸ 500 ਵਿੱਚੋਂ 499 ਅੰਕ ਲੈ ਕੇ ਟਾਪ ਕੀਤਾ ਹੈ। ਉਸ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅੱਗੇ ਜਾ ਕੇ ਉਹ ਡਾਕਟਰ ਬਣਨਾ ਚਾਹੁੰਦੀ ਹੈ। ਮਾਨਿਆ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਭਰੂਣ ਹੱਤਿਆ ਤੋਂ ਬਚਣ ਕਿਉਂਕਿ ਅੱਜ ਦੇ ਸਮੇਂ ਵਿੱਚ ਕੁੜੀਆਂ ਕਿਸੇ ਤੋਂ ਘੱਟ ਨਹੀਂ।


ਮਾਨਿਆ ਬਠਿੰਡਾ ਦੇ ਸੇਂਟ ਜੇਵੀਅਰ ਸਕੂਲ ਦੀ ਵਿਦਿਆਰਥਣ ਹੈ। ਉਸ ਨੇ ਦੱਸਿਆ ਕਿ ਉਸ ਟਾਪ ਕਰਕੇ ਬੇਹੱਦ ਖ਼ੁਸ਼ ਹੈ। ਉਸ ਨੇ ਬੱਚਿਆਂ ਨੂੰ ਖੂਬ ਮਿਹਨਤ ਕਰਨ ਦੀ ਸਲਾਹ ਦਿੱਤੀ। ਉਸ ਨੇ ਕਿਹਾ ਕਿ ਉਸ ਦੀ ਸਫਲਤਾ ਵਿੱਚ ਉਸ ਦੇ ਮਾਪਿਆਂ ਤੇ ਅਧਿਆਪਕਾਂ ਦਾ ਬੇਹੱਦ ਸਹਿਯੋਗ ਰਿਹਾ।

ਮਾਨਿਆ ਨੇ ਕਿਹਾ ਕਿ ਮਾਪਿਆਂ ਨੂੰ ਬੱਚਿਆਂ 'ਤੇ ਪੜ੍ਹਨ ਦਾ ਦਬਾਅ ਨਹੀਂ ਪਾਉਣਾ ਚਾਹੀਦਾ। ਜਿਨ੍ਹਾਂ ਬੱਚਿਆਂ ਨੇ ਮਿਹਨਤ ਕਰਨੀ ਹੈ, ਉਹ ਆਪ ਹੀ ਕਰ ਲੈਣਗੇ। ਮਾਨਿਆ ਦੇ ਪਿਤਾ ਨੇ ਕਿਹਾ ਕਿ ਉਹ ਰੋਜ਼ ਤਿੰਨ ਵਜੇ ਤੋਂ 8 ਵਜੇ ਤਕ ਪੜ੍ਹਦੀ ਸੀ। ਕਦੀ ਸਵੇਰੇ ਤੇ ਕਦੀ ਦੇਰ ਰਾਤ ਤਕ ਵੀ ਪੜ੍ਹਾਈ ਕਰਦੀ ਸੀ। ਉਹ ਟੀਵੀ ਬਹੁਤ ਘੱਟ ਵੇਖਦੀ ਸੀ।