ਚੰਡੀਗੜ੍ਹ: ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 90 ਦੇ ਕਰੀਬ ਹੋ ਗਈ ਹੈ। ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਪ੍ਰਭਾਵਿਤ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ ਦਿਹਾਤੀ, ਗੁਰਦਾਸਪੁਰ ਤੇ ਤਰਨ ਤਾਰਨ ਵਿੱਚ 100 ਤੋਂ ਵੱਧ ਥਾਂਵਾਂ 'ਤੇ ਛਾਪੇ ਮਾਰੇ। ਇਸ ਦੇ ਨਾਲ ਹੀ 17 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੇ ਨਾਲ ਹੀ ਰਾਜਪੁਰਾ ਤੇ ਸ਼ੰਭੂ ਬਾਰਡਰ ਨੇੜੇ ਕਈ ਹੋਰ ਥਾਂਵਾਂ 'ਤੇ ਵੀ ਛਾਪੇਮਾਰੀ ਕੀਤੀ ਗਈ। ਇਸ ਮਾਮਲੇ 'ਚ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 25 ਹੋ ਗਈ ਹੈ।


ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਮਾਫੀਆ ਮਾਸਟਰ ਮਾਈਂਡ ਇੱਕ ਔਰਤ ਸਰਗਨਾ, ਇੱਕ ਟਰਾਂਸਪੋਰਟ ਮਾਲਕ, ਇੱਕ ਲੋੜੀਂਦਾ ਅਪਰਾਧੀ ਤੇ ਵੱਖ-ਵੱਖ ਢਾਬਿਆਂ ਦੇ ਮਾਲਕ/ਮੈਨੇਜਰ ਸ਼ਾਮਲ ਹਨ, ਜਿੱਥੇ ਨਾਜਾਇਜ਼ ਸ਼ਰਾਬ ਸਪਲਾਈ ਕੀਤੀ ਜਾ ਰਹੀ ਸੀ। ਛਾਪੇਮਾਰੀ ਕਰਨ ਵਾਲੀਆਂ ਟੀਮਾਂ ਨੇ ਸ਼ੰਭੂ ਬਾਰਡਰ, ਰਾਜਪੁਰਾ ਤੇ ਪਟਿਆਲਾ ਦੇ ਨੇੜਲੇ ਖੇਤਰਾਂ ਵਿੱਚ ਵੱਖ-ਵੱਖ ਪਿੰਡਾਂ ਤੇ ਢਾਬਿਆਂ ਤੋਂ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਛਾਪੇਮਾਰੀ ਨਾਲ ਕਈ ਜ਼ਿਲ੍ਹਿਆਂ ਵਿੱਚ ਫੈਲੀ ਗੈਰ ਕਾਨੂੰਨੀ ਸ਼ਰਾਬ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ।

ਦੱਸ ਦਈਏ ਕਿ ਛਾਪੇਮਾਰੀ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ, ਰਾਜਪੁਰਾ ਤੇ ਬਨੂੜ ਦੇ ਢਾਬਿਆਂ ਝਿਲਮਿਲ ਢਾਬਾ, ਗ੍ਰੀਨ ਢਾਬਾ, ਛਿੰਦਾ ਢਾਬਾ ਨੂੰ ਸੀਲ ਕਰ ਦਿੱਤਾ ਗਿਆ ਹੈ। ਪਿੰਡ ਬਘੌਰਾ ਤੋਂ 750 ਲੀਟਰ ਲਾਹਣ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ ਦੋ ਵਿਅਕਤੀਆਂ ਸਤਨਾਮ ਤੇ ਰੇਸ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂਕਿ ਇੱਕ ਹੋਰ ਵਿਅਕਤੀ ਦੀ ਪਛਾਣ ਲਖਵਿੰਦਰ ਵਜੋਂ ਹੋਈ ਹੈ। ਸਰਗਨਾ ਦਰਸ਼ਨ ਰਾਣੀ ਉਰਫ ਫੌਜਣ ਨੂੰ ਬਟਾਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904