ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਦੇ ਨਾਰਕੋਟਿਕ ਸੈੱਲ ਨੇ ਇੱਕ ਵਿਅਕਤੀ ਨੂੰ 5 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਬਿਹਾਰ ਵਿੱਚ ਢਾਬਾ ਚਲਾਉਂਦਾ ਸੀ।
ਏ.ਡੀ.ਸੀ.ਪੀ. ਕ੍ਰਾਈਮ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਜਸਪਾਲ ਸਿੰਘ ਬਿਹਾਰ ਵਿੱਚ ਢਾਬਾ ਚਲਾਉਂਦਾ ਹੈ ਤੇ ਢਾਬੇ ਦੇ ਕੰਮ ਦੀ ਆੜ ਵਿੱਚ ਭੁੱਕੀ ਤੇ ਅਫੀਮ ਦਾ ਧੰਦਾ ਕਰਦਾ ਹੈ। ਪੁਲਿਸ ਵੱਲੋਂ ਜਦੋਂ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਵੇਲੇ ਉਹ ਇੱਕ ਟਰੱਕ ਵਿੱਚ ਸਵਾਰ ਹੋ ਕੇ ਜਹਾਜਗੜ੍ਹ ਇਲਾਕੇ ਵੱਲ ਆ ਰਿਹਾ ਸੀ।
ਜਦੋਂ ਪੁਲਿਸ ਦੀ ਟੀਮ ਨੇ ਇਸ ਨੂੰ ਕਾਬੂ ਕਰਕੇ ਟਰੱਕ ਦੀ ਤਲਾਸ਼ੀ ਲਈ ਤਾਂ ਇਸ ਕੋਲੋਂ 5 ਕਿਲੋ ਅਫੀਮ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਇਸ ਨੂੰ ਗ੍ਰਿਫ਼ਤਾਰ ਕਰਕੇ ਇਸ ਕੋਲੋਂ ਲਗਾਤਾਰ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਸ਼ੇ ਦਾ ਕਾਰੋਬਾਰ ਕਦੋਂ ਤੋਂ ਕਰ ਰਿਹਾ ਸੀ ਤੇ ਇਹ ਮਾਲ ਕਿੱਥੋਂ ਲੈ ਕੇ ਕੇ ਕਿੱਥੇ-ਕਿੱਥੇ ਸਪਲਾਈ ਕਰਦਾ ਸੀ।