Pitbull ਕੁੱਤੇ ਕਰਕੇ ਮੁੰਡੇ ਨੇ ਕੀਤਾ ਤਾਏ ਦਾ ਕਤਲ, ਤਾਈ ਤੇ ਭਰਾ ਨੂੰ ਕੀਤਾ ਜ਼ਖ਼ਮੀ
ਏਬੀਪੀ ਸਾਂਝਾ | 28 Jul 2019 09:35 AM (IST)
ਮ੍ਰਿਤਕ ਦੇ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਲਾਲੀ ਦੇ ਘਰ ਪਿੱਟਬੁੱਲ ਨਸਲ ਦਾ ਕੁੱਤਾ ਹੈ, ਜੋ ਅਕਸਰ ਹੀ ਉਨ੍ਹਾਂ ਦੇ ਘਰ ਆ ਕੇ ਗੰਦ ਪਾਉਂਦਾ ਸੀ। ਕੁੱਤੇ ਨੂੰ ਬੜੀ ਮੁਸ਼ਕਿਲ ਨਾਲ ਘਰੋਂ ਭਜਾਉਣਾ ਪੈਂਦਾ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੁੱਤੇ ਦਾ ਵਿਰੋਧ ਕਰਨ 'ਤੇ ਦੋਵਾਂ ਪਰਿਵਾਰਾਂ ਦਰਮਿਆਨ ਰੰਜਿਸ਼ ਸ਼ੁਰੂ ਹੋ ਗਈ।
ਸੰਕੇਤਕ ਤਸਵੀਰ
ਮੋਗਾ: ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਸੈਦੋਕੇ ਦੇ ਨੌਜਵਾਨ ਨੇ ਆਪਣੇ ਤਾਏ ਦੇ ਪਰਿਵਾਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿੱਚ ਮੁਲਜ਼ਮ ਦੇ ਤਾਏ ਦੀ ਮੌਤ ਹੋ ਗਈ ਅਤੇ ਉਸ ਦੀ ਤਾਈ ਤੇ ਭਰਾ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸੁਖਮੰਦਰ ਸਿੰਘ ਵਜੋਂ ਹੋਈ ਹੈ। ਮੁਲਜ਼ਮ ਦਰਸ਼ਨ ਸਿੰਘ ਉਰਫ ਲਾਲੀ ਨਸ਼ੇ ਦਾ ਆਦੀ ਦੱਸਿਆ ਜਾਂਦਾ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਕਤਲ ਕੇਸ ਦਰਜ ਹੈ ਅਤੇ ਉਹ ਜ਼ਮਾਨਤ 'ਤੇ ਚੱਲ ਰਿਹਾ ਹੈ। ਮ੍ਰਿਤਕ ਦੇ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਲਾਲੀ ਦੇ ਘਰ ਪਿੱਟਬੁੱਲ ਨਸਲ ਦਾ ਕੁੱਤਾ ਹੈ, ਜੋ ਅਕਸਰ ਹੀ ਉਨ੍ਹਾਂ ਦੇ ਘਰ ਆ ਕੇ ਗੰਦ ਪਾਉਂਦਾ ਸੀ। ਕੁੱਤੇ ਨੂੰ ਬੜੀ ਮੁਸ਼ਕਿਲ ਨਾਲ ਘਰੋਂ ਭਜਾਉਣਾ ਪੈਂਦਾ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੁੱਤੇ ਦਾ ਵਿਰੋਧ ਕਰਨ 'ਤੇ ਦੋਵਾਂ ਪਰਿਵਾਰਾਂ ਦਰਮਿਆਨ ਰੰਜਿਸ਼ ਸ਼ੁਰੂ ਹੋ ਗਈ। ਇਸ ਦੇ ਚੱਲਦਿਆਂ ਸ਼ੁੱਕਰਵਾਰ ਰਾਤ ਨੂੰ ਦਰਸ਼ਨ ਸਿੰਘ ਨੇ ਤੈਸ਼ ਵਿੱਚ ਆ ਕੇ ਸੁਖਮੰਦਰ ਸਿੰਘ ਦੇ ਸਿਰ 'ਤੇ ਬੇਸਬਾਲ ਬੈਟ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਨੂੰ ਰੋਕਣ ਆਏ ਨਿਰਮਲ ਸਿੰਘ ਅਤੇ ਉਸ ਦੀ ਮਾਂ ਨਸੀਬ ਕੌਰ ਨਾਲ ਵੀ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਦੱਸਿਆ ਜਾਂਦਾ ਹੈ ਕਿ ਮੁਲਜ਼ਮ ਨੇ ਆਪਣੇ ਤਾਏ ਤੋਂ ਕੁਝ ਪੈਸੇ ਲੈਣੇ ਸਨ ਤੇ ਘਟਨਾ ਵਾਲੇ ਦਿਨ ਉਹ ਆਪਣੇ ਪੈਸੇ ਵਾਪਸ ਕਰਨ ਲਈ ਵੀ ਕਹਿ ਰਿਹਾ ਸੀ। ਪੁਲਿਸ ਨੇ ਦਰਸ਼ਨ ਸਿੰਘ ਉਰਫ਼ ਲਾਲੀ ਖ਼ਿਲਾਫ਼ ਕਤਲ ਕੇਸ ਦਰਜ ਕਰ ਲਿਆ ਹੈ।