ਲੁਧਿਆਣਾ: ਸ਼ਹਿਰ ਦੇ ਭੱਟੀਆਂ ਇਲਾਕੇ 'ਚ ਵਿਅਕਤੀ ਨੇ ਮਾਮੂਲੀ ਤਕਰਾਰ ਮਗਰੋਂ ਆਪਣੀ ਗਰਭਵਤੀ ਪਤਨੀ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਪ੍ਰੀਤ ਵਜੋਂ ਹੋਈ ਹੈ। ਪ੍ਰੀਤ ਸੱਤ ਮਹੀਨਿਆਂ ਦੀ ਗਰਭਵਤੀ ਸੀ ਤੇ ਬੀਤੇ ਦਿਨ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਵੀ ਸੀ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਲੇਮ ਟਾਬਰੀ ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਸਲੇਮ ਟਾਬਰੀ ਇਲਾਕੇ 'ਚ ਜੂਸ ਦੀ ਰੇਹੜੀ ਲਾਉਣ ਵਾਲਾ ਰੋਹਿਤ ਘਰ ਜਵਾਈ ਸੀ। ਉਹ ਸ਼ਰਾਬ ਪੀਣ ਦਾ ਆਦੀ ਸੀ ਤੇ ਨਸ਼ੇ ਦੀ ਹਾਲਤ 'ਚ ਪਤਨੀ ਨਾਲ ਕੁੱਟਮਾਰ ਵੀ ਕਰਦਾ ਸੀ। ਸ਼ੁੱਕਰਵਾਰ ਰਾਤ ਪ੍ਰੀਤ ਨੇ ਰੋਹਿਤ ਨੂੰ ਸ਼ਰਾਬ ਪੀਣ ਤੋਂ ਰੋਕਿਆ ਤੇ ਦੋਵਾਂ ਵਿਚਕਾਰ ਝਗੜਾ ਹੋਇਆ।

ਐਸਐਚਓ ਨੇ ਅੱਗੇ ਦੱਸਿਆ ਕਿ ਰਾਤ ਸਮੇਂ ਹੋਏ ਝਗੜੇ ਕਾਰਨ ਰੋਹਿਤ ਨੇ ਬੀਤੇ ਦਿਨ ਤੈਸ਼ ਵਿੱਚ ਆ ਕੇ ਆਪਣੀ ਪਤਨੀ ਦਾ ਗਲ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਨਾਲ ਗਰਭਵਤੀ ਦੇ ਬੱਚੇ ਦੀ ਵੀ ਮੌਤ ਹੋ ਗਈ। ਪੁਲਿਸ ਨੇ ਥਾਣਾ ਸਲੇਮ ਟਾਬਰੀ ਵਿੱਚ ਪ੍ਰੀਤ ਦੇ ਪਿਤਾ ਮੁੰਗੇਰੀ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਰੋਹਿਤ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਫਰਾਰ ਹੈ।