ਚੰਡੀਗੜ੍ਹ: ਅਮਰੀਕਾ ਦੇ ਪੱਕੇ ਨਿਵਾਸੀ ਨੌਜਵਾਨ ਦੀ ਫਲਾਈਟ ਛੁੱਟ ਜਾਣਾ ਹੀ ਉਸ ਲਈ ਜਾਨਲੇਵਾ ਬਣ ਗਿਆ। ਕੁਰਾਲੀ ਨੇੜੇ ਪੈਂਦੇ ਪਿੰਡ ਮੁੰਧੋਂ ਮਸਤਾਨਾ ਦੇ ਪਿਉ-ਪੁੱਤ ਨੇ ਅਮਰੀਕਾ ਤੋਂ ਇਕੱਠੇ ਜਹਾਜ਼ ਲਿਆ ਸੀ ਪਰ ਕੁਵੈਤ ਵਿੱਚ ਅਗਲੀ ਫਲਾਈਟ ਸਮੇਂ ਉਨ੍ਹਾਂ ਦਾ ਪੁੱਤਰ ਵਿੱਛੜ ਗਿਆ ਤੇ ਕਈ ਹਫਤਿਆਂ ਬਾਅਦ ਉਸ ਦੀ ਮੌਤ ਦੀ ਖ਼ਬਰ ਆਈ ਹੈ। ਪਿੰਡ ਪਹੁੰਚੇ ਪਿਤਾ ਨੇ ਕੁਵੈਤ ਏਅਰਲਾਈਨਜ਼ 'ਤੇ ਗੰਭੀਰ ਦੋਸ਼ ਲਾਏ ਹਨ। ਪਰਿਵਾਰ ਨੇ ਭਾਰਤ ਦੇ ਵਿਦੇਸ਼ ਮੰਤਰਾਲੇ, ਕੌਮਾਂਤਰੀ ਅਦਾਲਤ ਤੇ ਏਜੰਸੀਆਂ ਤੋਂ ਇਸ ਸਬੰਧੀ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਨੌਜਵਾਨ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਕਰੀਬ 18 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉਥੋਂ ਦਾ ਪੀ.ਆਰ. ਸੀ। ਤਿੰਨ ਵਰ੍ਹੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਪਰਿਵਾਰ ਅਤੇ ਰਿਸ਼ਤੇਦਾਰ ਉਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਵੀ ਆਪਣੇ ਪੁੱਤਰ ਕੋਲ ਵਿਦੇਸ਼ ਘੁੰਮਣ ਲਈ ਗਿਆ ਸੀ। ਇਸ ਲਈ ਦੋਵੇਂ ਪਿਓ-ਪੁੱਤ ਇਕੱਠਿਆਂ ਪਿੰਡ ਆਉਣ ਲਈ 7 ਜਨਵਰੀ 2018 ਨੂੰ ਕੁਵੈਤ ਏਅਰਲਾਈਨਜ਼ ਦੇ ਜਹਾਜ਼ ਵਿੱਚ ਸਵਾਰ ਹੋਇਆ ਸੀ। ਏਅਰਲਾਈਨਜ਼ ਦੀ ਲੇਟ ਲਤੀਫ਼ੀ ਕਾਰਨ ਉਨ੍ਹਾਂ ਦਾ ਜਹਾਜ਼ ਸਾਢੇ ਚਾਰ ਘੰਟੇ ਦੇਰੀ ਨਾਲ ਉੱਡਿਆ, ਜਿਸ ਮਗਰੋਂ ਕੁਵੈਤ ਦੇ ਹਵਾਈ ਅੱਡੇ ’ਤੇ ਕਰੀਬ ਢਾਈ ਘੰਟਿਆਂ ਦਾ ਠਹਿਰਾਅ ਸੀ, ਪਰ ਦੇਰੀ ਨਾਲ ਪੁੱਜਣ ਕਾਰਨ ਦਿੱਲੀ ਆਉਣ ਵਾਲਾ ਜਹਾਜ਼ ਪਿੱਛੋਂ ਆਉਣ ਵਾਲੀਆਂ ਸਵਾਰੀਆਂ ਦੀ ਪਹਿਲਾਂ ਹੀ ਉਡੀਕ ਕਰ ਰਿਹਾ ਸੀ। ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਵੈਤ ਹਵਾਈ ਅੱਡੇ ’ਤੇ ਪੁੱਜਦੇ ਸਾਰ ਕਾਹਲੀ ਨਾਲ ਦੂਜੇ ਜਹਾਜ਼ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਨੂੰ ਕਿਡਨੀ ਦੀ ਬਿਮਾਰੀ ਸੀ, ਸੋ ਉਸ ਨੇ ਵੀਲ੍ਹ-ਚੇਅਰ ’ਤੇ ਆਉਣਾ ਸੀ। ਏਅਰਲਾਈਨਜ਼ ਸਟਾਫ਼ ਉਸ ਨੂੰ ਵੀਲ੍ਹ ਚੇਅਰ ’ਤੇ ਬਿਠਾ ਕੇ ਹੋਰ ਸਵਾਰੀਆਂ ਨਾਲ ਦਿੱਲੀ ਨੂੰ ਆਉਣ ਵਾਲੇ ਜਹਾਜ਼ ਵੱਲ ਲੈ ਗਿਆ।
ਚਰਨਜੀਤ ਸਿੰਘ ਨੇ ਦੋਸ਼ ਲਾਇਆ ਕਿ ਉਸ ਨੇ ਬੋਰਡਿੰਗ ਕਰਨ ਤੋਂ ਲੈ ਕੇ ਸੀਟ ’ਤੇ ਬੈਠਣ ਤੱਕ ਆਪਣੇ ਲੜਕੇ ਦੇ ਪਿੱਛੇ ਰਹਿ ਜਾਣ ਬਾਰੇ ਸਟਾਫ਼ ਅੱਗੇ ਰੌਲਾ ਪਾਇਆ, ਪਰ ਕਿਸੇ ਨੇ ਉਸ ਦੀ ਗੱਲ ਨਾ ਸੁਣੀ। ਸਟਾਫ਼ ਵੱਲੋਂ ਉਸ ਨੂੰ ਦੱਸਿਆ ਗਿਆ ਕਿ ਅੰਮ੍ਰਿਤਪਾਲ ਨੂੰ ਜਹਾਜ਼ ਦੇ ਹੋਰ ਹਿੱਸੇ ਵਿੱਚ ਬਿਠਾ ਦਿੱਤਾ ਗਿਆ ਹੈ। ਉਡਾਣ ਭਰਨ ਮਗਰੋਂ ਉਸ ਨੇ ਸਾਰੇ ਜਹਾਜ਼ ਵਿੱਚ ਘੁੰਮ ਕੇ ਆਪਣੇ ਪੁੱਤਰ ਦੀ ਭਾਲ ਕੀਤੀ, ਪਰ ਉਹ ਕਿਧਰੇ ਵੀ ਨਹੀਂ ਸੀ। ਉਸ ਨੂੰ ਯਕੀਨ ਸੀ ਕਿ ਅੰਮ੍ਰਿਤਪਾਲ ਕੁਵੈਤ ਵਿੱਚ ਹੀ ਰਹਿ ਗਿਆ ਹੈ। ਦਿੱਲੀ ਉਤਰਨ ਮਗਰੋਂ ਉਸ ਨੇ ਮੁੜ ਏਅਰਲਾਈਨਜ਼ ਦੇ ਦਫ਼ਤਰ ਅਤੇ ਸਟਾਫ਼ ਕੋਲ ਅੰਮ੍ਰਿਤਪਾਲ ਨੂੰ ਲੱਭਣ ਦੀ ਅਪੀਲ ਕੀਤੀ, ਜਦੋਂਕਿ ਸਟਾਫ਼ ਨੇ ਉਸ ਨੂੰ ਇਹ ਕਹਿ ਕੇ ਦਿਲਾਸਾ ਦਿੱਤਾ ਕਿ ਅੰਮ੍ਰਿਤਪਾਲ ਅਗਲੀ ਉਡਾਣ ਰਾਹੀਂ ਦਿੱਲੀ ਆ ਜਾਵੇਗਾ। ਚਰਨਜੀਤ ਨੇ ਦੱਸਿਆ ਕਿ ਉਹ ਦੋ ਦਿਨਾਂ ਤੱਕ ਦਿੱਲੀ ਏਅਰਪੋਰਟ ’ਤੇ ਅੰਮ੍ਰਿਤਪਾਲ ਦੀ ਉਡੀਕ ਕਰਨ ਮਗਰੋਂ ਅਖੀਰ ਘਰ ਆ ਗਿਆ ਤੇ ਅੰਮ੍ਰਿਤਪਾਲ ਦੀ ਭਾਲ ਲਈ ਮੁੱਖ ਮੰਤਰੀ ਪੰਜਾਬ, ਪ੍ਰਧਾਨ ਮੰਤਰੀ, ਕੇਂਦਰੀ ਵਿਦੇਸ਼ ਮੰਤਰਾਲਾ ਅਤੇ ਹੋਰਨਾਂ ਕਈ ਅਧਿਕਾਰੀਆਂ ਨੂੰ ਈ-ਮੇਲ ਰਾਹੀਂ ਮਦਦ ਦੀ ਅਪੀਲ ਕੀਤੀ। ਉਸ ਨੇ ਦੱਸਿਆ ਕਿ ਕਈ ਦਿਨਾਂ ਮਗਰੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਅੰਮ੍ਰਿਤਪਾਲ ਕੁਵੈਤ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਹੈ। ਕੁਵੈਤ ਵਿੱਚ ਰਹਿੰਦੇ ਇੱਕ ਜਾਣਕਾਰ ਪੰਜਾਬੀ ਪਰਿਵਾਰ ਵੱਲੋਂ ਉਨ੍ਹਾਂ ਨੂੰ ਅੰਮ੍ਰਿਤਪਾਲ ਦੀਆਂ ਤਸਵੀਰਾਂ ਤੇ ਵੀਡੀਓ ਵੀ ਭੇਜੀ ਗਈ, ਪਰ 18 ਜਨਵਰੀ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅੰਮ੍ਰਿਤਪਾਲ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਮਗਰੋਂ ਅੰਮ੍ਰਿਤਪਾਲ ਦੇ ਪਰਿਵਾਰ ਨੇ ਉਸ ਦੀ ਲਾਸ਼ ਭਾਰਤ ਲਿਆਉਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ, ਜਿਸ ’ਤੇ ਲੱਖਾਂ ਰੁਪਏ ਖਰਚ ਆਇਆ। ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਲਾਸ਼ 26 ਜਨਵਰੀ ਨੂੰ ਭਾਰਤ ਪੁੱਜੇਗੀ, ਪਰ ਭਾਰਤ ਦੀ ਅੰਬੈਸੀ ਨੇ ਗਣਤੰਤਰ ਦਿਵਸ ਹੋਣ ਕਾਰਨ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਲਾਸ਼ ਹੋਰ ਦੋ ਦਿਨਾਂ ਮਗਰੋਂ 28 ਜਨਵਰੀ ਨੂੰ ਦਿੱਲੀ ਪੁੱਜੀ। ਪਰਿਵਾਰ ਨੇ ਅੰਮ੍ਰਿਤਪਾਲ ਦੀ ਮੌਤ ਸਬੰਧੀ ਕਈ ਤਰ੍ਹਾਂ ਦੇ ਸ਼ੰਕੇ ਜ਼ਾਹਰ ਕਰਦਿਆਂ ਕਿਹਾ ਕਿ ਏਅਰਲਾਈਨਜ਼ ਦੀ ਦੇਰੀ ਅਤੇ ਕੁਪ੍ਰਬੰਧਾਂ ਕਾਰਨ ਹੀ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਮੌਤ ਹੋਈ ਹੈ। ਪਰਿਵਾਰ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਕੌਮਾਂਤਰੀ ਏਜੰਸੀਆਂ ਤੋਂ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।