ਬਰਨਾਲਾ: ਜ਼ਿਲ੍ਹੇ ਦੇ ਪਿੰਡ ਸੰਘੇੜਾ ਵਿੱਚ ਬੀਤੇ ਦਿਨ ਦੁੱਧ ਦੀ ਡੇਅਰੀ ਚਲਾਉਣ ਵਾਲੇ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ ਵਜੋਂ ਹੋਈ ਹੈ। ਕਤਲ ਦਾ ਇਲਜ਼ਾਮ ਹਨੀ ਤੇ ਧੰਨਾ ਸਿੰਘ ਨਾਂ ਦੇ ਬਦਮਾਸ਼ ਤੇ ਉਸ ਦੇ ਗੈਂਗ 'ਤੇ ਲੱਗਾ ਹੈ। ਇਸ ਮਾਮਲੇ ਵਿੱਚ ਪਿੰਡ ਵਾਸੀਆਂ ਨੇ ਪੁਲਿਸ ਨਾਅਹਿਲੀਅਤ ਉਜਾਗਰ ਕਰਦਿਆਂ ਦੋਸ਼ ਲਾਇਆ ਕਿ ਜੇਕਰ ਪੁਲਿਸ ਨੇ ਸਮਾਂ ਰਹਿੰਦੇ ਸ਼ਿਕਾਇਤ 'ਤੇ ਕਾਰਵਾਈ ਕੀਤੀ ਹੁੰਦੀ ਤਾਂ ਗੁਰਮੇਲ ਦਾ ਕਤਲ ਨਾ ਹੁੰਦਾ। ਪਿੰਡ ਵਾਸੀ ਇਹ ਵੀ ਦੋਸ਼ ਲਾਉਂਦੇ ਹਨ ਕਿ ਮੁਲਜ਼ਮ ਧੰਨਾ ਸਿੰਘ ਦੀ ਭੈਣ ਪੁਲਿਸ ਵਿਭਾਗ 'ਚ ਕੰਮ ਕਰਦੀ ਹੈ, ਇਸ ਲਈ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਮ੍ਰਿਤਕ ਦੇ ਪੁੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਛੇ ਫਰਵਰੀ ਨੂੰ ਪਿੰਡ ਵਿੱਚੋਂ ਹਫ਼ਤਾ ਇਕੱਠਾ ਕਰਨ ਆਏ ਤਾਂ ਉਸ ਦੇ ਪਿਤਾ ਨੇ ਮਨ੍ਹਾਂ ਕਰ ਦਿੱਤਾ। ਇਸ 'ਤੇ ਬਦਮਾਸ਼ਾਂ ਨੇ ਉਸ ਦੇ ਪਿਤਾ ਤੇ ਮਾਂ 'ਤੇ ਹਮਲਾ ਕਰ ਦਿੱਤਾ ਤੇ ਗੱਲੇ 'ਚ ਰੱਖੇ ਪੈਸੇ ਤੇ ਮਾਂ ਦੀ ਸੋਨੇ ਦੀ ਚੇਨ ਲਾਹ ਕੇ ਫਰਾਰ ਹੋ ਗਏ। ਹਰਜਿੰਦਰ ਨੇ ਦੱਸਿਆ ਕਿ ਉਹ ਪੁਲਿਸ ਕੋਲ ਗਏ ਸਨ ਪਰ ਉਨ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਗੁਰਮੇਲ ਦੇ ਪਿਤਾ ਰਾਜ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਡੀਐਸਪੀ ਰਾਜੇਸ਼ ਛਿੱਬਰ ਨੇ ਉਨ੍ਹਾਂ ਨਾਲ ਹੀ ਬਦਤਮੀਜ਼ੀ ਕੀਤੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਜਦ ਗੁਰਮੇਲ ਤੇ ਡੇਅਰੀ ਦਾ ਕਾਮਾ ਜਗਤਾਰ ਮੋਟਰਸਾਈਕਲ 'ਤੇ ਘਰਰ ਜਾ ਰੇਹ ਸਨ ਤਾਂ ਹਨੀ ਤੇ ਧੰਨਾ ਸਿੰਘ ਨੇ ਦੋ ਕਾਰਾਂ ਵਿੱਚ ਸਵਾਰ ਆਪਣੇ ਸਾਥੀਆਂ ਨਾਲ ਟੱਕਰ ਮਾਰ ਉਨ੍ਹਾਂ ਨੂੰ ਹੇਠਾਂ ਸੁੱਟ ਦਿੱਤਾ। ਫਿਰ ਰਾਡ ਤੇ ਸੋਟੀਆਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗੁਰਮੇਲ ਸਿੰਘ ਦੀ ਜਾਨ ਚਲੀ ਤੇ ਜਗਤਾਰ ਜ਼ਖ਼ਮੀ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਬਰਨਾਲਾ ਥਾਣੇ ਦੇ ਮੁਖੀ ਗੁਰਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 18 ਫਰਵਰੀ ਨੂੰ ਹੀ ਥਾਣਾ ਮੁਖੀ ਦਾ ਅਹੁਦਾ ਸੰਭਾਲਿਆ ਹੈ ਇਸ ਲਈ ਛੇ ਫਰਵਰੀ ਵਾਲੇ ਮਾਮਲੇ ਵਿੱਚ ਮਾਮਲੇ ਦੀ ਜਾਂਚ ਕਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ।