ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ। ਸੈਸ਼ਨ ਜੱਜ ਦੀ ਅਦਾਲਤ ਨੇ ਹੇਠਲੀ ਅਦਾਲਤ ਵੱਲੋਂ ਜੀਕੇ ਖ਼ਿਲਾਫ਼ 24 ਘੰਟਿਆਂ ਦੇ ਅੰਦਰ ਕੇਸ ਦਰਜ ਕਰਨ ਦੇ ਜਾਰੀ ਹੁਕਮਾਂ ਉੱਤੇ 7 ਜਨਵਰੀ ਤੱਕ ਰੋਕ ਲਾ ਦਿੱਤੀ ਹੈ।


ਸੈਸ਼ਨ ਜੱਜ ਓਪੀ ਸੈਣੀ ਦੀ ਅਦਾਲਤ ਵਿੱਚ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਮੈਨੇਜਰ ਸੂਬੇਦਾਰ ਹਰਜੀਤ ਸਿੰਘ ਦੇ ਵਕੀਲ ਮਨਿੰਦਰ ਸਿੰਘ ਤੇ ਕਮੇਟੀ ਮੈਂਬਰ ਗੁਰਮੀਤ ਸਿੰਘ ਸ਼ੰਟੀ ਦੇ ਵਕੀਲ ਦਰਮਿਆਨ ਤਿੱਖੀ ਬਹਿਸ ਹੋਈ। ਸ਼ੰਟੀ ਵੱਲੋਂ ਹੇਠਲੀ ਅਦਾਲਤ ਵਿੱਚ ਪੇਸ਼ ਕੀਤੇ ਸਬੂਤਾਂ ਨੂੰ ਜੀਕੇ ਦੇ ਵਕੀਲ ਨੇ ਝੂਠਾ ਕਰਾਰ ਦਿੱਤਾ।

ਜੱਜ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਗੁਰਮੀਤ ਸਿੰਘ ਸ਼ੰਟੀ ਨੂੰ ਆਪਣਾ ਜਵਾਬ ਦਾਖ਼ਲ ਕਰਨ ਦਾ ਸਮਾਂ ਦਿੰਦੇ ਹੋਏ ਅਗਲੀ ਬਹਿਸ ਲਈ 7 ਜਨਵਰੀ, 2019 ਦੀ ਤਰੀਕ ਤੈਅ ਕੀਤੀ। ਅਦਾਲਤ ਨੇ ਹੇਠਲੀ ਅਦਾਲਤ ਵੱਲੋਂ ਜੀਕੇ ਖ਼ਿਲਾਫ਼ 24 ਘੰਟਿਆਂ ਦੇ ਅੰਦਰ ਕੇਸ ਦਰਜ ਕਰਨ ਸਬੰਧੀ ਦਿੱਤੇ ਗਏ ਹੁਕਮਾਂ ’ਤੇ ਵੀ 7 ਜਨਵਰੀ ਤੱਕ ਰੋਕ ਲਾ ਦਿੱਤੀ ਹੈ।