ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਾਗੀ ਹੋਏ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਕਈ ਖੁਲਾਸੇ ਹੋਣਗੇ। ਜੀਕੇ ਨੇ ਪਹਿਲਾਂ ਵੀ ਪਾਰਟੀ ਅੰਦਰਲੇ ਕਈ ਭੇਤ ਖੋਲ੍ਹਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਅਸਤੀਫਾ ਮੰਗਿਆ ਸੀ। ਪਾਰਟੀ ਵਿੱਚ ਕੱਢਣ ਮਗਰੋਂ ਉਹ ਲਗਤਾਰ ਅਕਾਲੀ ਦਲ ਬਾਰੇ ਖੁਲਾਸੇ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਜੱਦੀ ਪੁਸ਼ਤੀ ਪਾਰਟੀ ਨਹੀਂ ਸੀ ਪਰ ਹੁਣ ਬਣ ਗਈ ਹੈ। ਹੁਣ ਅਕਾਲੀ ਦਲ ਸਿਰਫ ਬਾਦਲਾਂ ਦੀ ਪਾਰਟੀ ਹੈ। ਪਾਰਟੀ ਵਿੱਚੋਂ ਕੱਢੇ ਜਾਣ ਮਗਰੋਂ ਜੀਕੇ ਨੇ ਕਿਹਾ ਕਿ ਹੁਣ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਇਲ਼ਾਮ ਲਾਇਆ ਕਿ ਉਨ੍ਹਾਂ ਦਾ ਸਾਜ਼ਿਸ਼ ਅਧੀਨ ਸਿਆਸੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਜੀਕੇ ਨੇ ਕਿਹਾ ਕਿ ਲੋਕਾਂ 'ਚ ਅਕਾਲੀ ਦਲ ਖ਼ਿਲਾਫ਼ ਨਹੀਂ ਸਗੋਂ ਬਾਦਲ ਪਰਿਵਾਰ ਖ਼ਿਲਾਫ਼ ਗੁੱਸਾ ਹੈ। ਇਸ ਕਰਕੇ ਹੀ ਅਕਾਲੀ ਦਲ ਉਹ ਸੀਟਾਂ ਵੀ ਹਾਰਿਆ ਹੈ ਜੋ ਕਦੇ ਨਹੀਂ ਹਾਰਿਆ ਸੀ। ਇਨ੍ਹਾਂ ਵਿੱਚ ਖਡੂਰ ਸਾਹਿਬ ਸੀਟ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ 'ਚ ਰਹਿ ਕੇ ਵੀ ਮੁੱਦੇ ਚੁੱਕਦੇ ਰਹੇ ਸੀ। ਇਸ ਕਰਕੇ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜੀਕੇ ਨੇ ਕਿਹਾ ਕਿ ਧਰਮ ਦੀ ਰਾਜਨੀਤੀ 'ਚ ਰਹਿ ਕੇ ਪਾਰਟੀ ਦਾ ਪਟਾ ਗਲ ਨਹੀਂ ਪਾਇਆ ਜਾ ਸਕਦਾ।