ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ 'ਤੇ ਟਾਸਕ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਦੇ ਨਾਲ ਹੀ ਸਿਵਲ ਕੱਪੜਿਆਂ ਵਿੱਚ ਪੰਜਾਬ ਪੁਲਿਸ ਵੀ ਮੌਜੂਦ ਸੀ। ਇਸ ਦਾ ਮਕਸਦ ਗਰਮ ਖਿਆਲੀਆਂ 'ਤੇ ਸ਼ਿਕੰਜ਼ਾ ਕੱਸਣਾ ਸੀ ਕਿਉਂਕ ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰ ਵੀ ਪਹੁੰਚੇ ਹੋਏ ਸੀ। ਇਸ ਸਖਤੀ ਤੋਂ ਕੁਝ ਗਰਮ ਖਿਆਲੀ ਖਫਾ ਨਜ਼ਰ ਆਏ। ਇਸ ਦੌਰਾਨ ਕੁਝ ਲੋਕਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਇਨ੍ਹਾਂ ਖਿਲਾਫ ਟਾਸਕ ਫੋਰਸ ਨੇ ਸਖਤੀ ਕੀਤੀ। ਇਸ ਮਗਰੋਂ ਸੰਗਤਾਂ ਵਿੱਚ ਵੀ ਗੁੱਸਾ ਵੇਖਣ ਨੂੰ ਮਿਲਿਆ। ਇਸ ਮਗਰੋਂ ਕਈ ਵਾਰ ਧੱਕਾ ਮੁੱਕੀ ਹੁੰਦੀ ਰਹੀ। ਹਲਕੀ ਝੜਪ ਵੀ ਹੋਈ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗਦੇ ਰਹੇ। ਗੁੱਸੇ ਵਿੱਚ ਸੰਗਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਬਾਹਰ ਲੱਗੇ ਜੰਗਲੇ ਵੀ ਪੁੱਟ ਦਿੱਤੇ।
ਸ੍ਰੀ ਅਕਾਲ ਤਖਤ ਸਾਹਿਬ ਵਿੱਚ ਅੱਜ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਤੇ ਅਰਦਾਸ ਉਪਰੰਤ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਬਹੁਤ ਹੀ ਸੰਖੇਪ ਸੰਦੇਸ਼ ਦਿੱਤਾ। ਇਸ ਦੀ ਅਗਾਊਂ ਅਨਾਊਂਸਮੈਂਟ ਵੀ ਨਹੀਂ ਕੀਤੀ ਤਾਂ ਕਿ ਕਿਸੇ ਨੂੰ ਇਸ ਬਾਰੇ ਭਿਣਕ ਵੀ ਨਾ ਲੱਗ ਸਕੇ। ਪਿਛਲੇ ਸਮੇਂ ਵਿੱਚ ਜਦੋਂ ਗਿਆਨੀ ਗੁਰਬਚਨ ਸਿੰਘ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਹੁੰਦੇ ਸੀ ਤਾਂ ਸੰਗਤ ਇਸ ਦਾ ਸ਼ਰੇਆਮ ਵਿਰੋਧ ਕਰਨ ਲੱਗ ਪੈਂਦੀ ਸੀ। ਅੱਜ ਸ਼੍ਰੋਮਣੀ ਕਮੇਟੀ ਨੇ ਇਸ ਦੀ ਪੂਰੀ ਰਣਨੀਤੀ ਘੜੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੰਦੇਸ਼ ਤੋਂ ਤੁਰੰਤ ਬਾਅਦ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਇਸ ਦੌਰਾਨ ਮਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਸੰਗਤਾਂ ਦੇ ਵਿੱਚ ਮੌਜੂਦ ਸਨ। ਜਦ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਆਪਣਾ ਸੰਦੇਸ਼ ਪੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਕਮੇਟੀ ਨੇ ਉੱਚੀ ਆਵਾਜ਼ ਵਿੱਚ ਸਪੀਕਰ ਲਾ ਦਿੱਤੇ ਤੇ ਉਨ੍ਹਾਂ ਵਿੱਚ ਸ਼ਬਦ ਸ਼ੁਰੂ ਕਰ ਦਿੱਤੇ।
ਇਸ ਤੋਂ ਬਾਅਦ ਖਾਲਿਸਤਾਨ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਧੱਕਾ-ਮੁੱਕੀ ਤੇ ਹਲਕੀਆਂ ਝੜਪਾਂ ਹੁੰਦੀਆਂ ਦਿਖਾਈ ਦਿੱਤੀਆਂ। ਸ਼ਰੇਆਮ ਨੰਗੀਆਂ ਤਲਵਾਰਾਂ ਵੀ ਲਹਿਰਾਈਆਂ ਗਈਆਂ। ਸਿਵਲ ਕੱਪੜਿਆਂ ਵਿੱਚ ਸੰਗਤ ਵਿੱਚ ਬੈਠੀ ਪੁਲਿਸ ਨੂੰ ਕਾਫ਼ੀ ਮਸ਼ੱਕਤ ਕਰਨੀ ਪਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਨੇ ਪੁਲਿਸ ਦੀ ਮਦਦ ਨਾਲ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਨਤਮਸਤਕ ਨਹੀਂ ਹੋਣ ਦਿੱਤਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਸਨ।
ਇਸ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘਨੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਹਨ। ਉਨ੍ਹਾਂ ਨਾਲ ਮੌਜੂਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਹੁੱਲੜਬਾਜ਼ੀ ਦੀ ਨਿਖੇਧੀ ਕੀਤੀ।
ਦੂਜੇ ਪਾਸੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇੱਥੇ ਵਿਗੜੇ ਮਾਹੌਲ ਲਈ ਬਾਦਲ ਪਰਿਵਾਰ ਤੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਾਦਲ ਪਰਿਵਾਰ ਦੇ ਇਸ਼ਾਰੇ 'ਤੇ ਸਭ ਕੁਝ ਕੀਤਾ ਜਾਂਦਾ ਹੈ। ਬਾਦਲ ਪਰਿਵਾਰ ਨਹੀਂ ਚਾਹੁੰਦਾ ਕਿ ਪੰਥਕ ਮਸਲਿਆਂ ਦੀ ਕੋਈ ਹੋਰ ਧਿਰ ਪੈਰਵਾਈ ਕਰੇ।
ਜਥੇਦਾਰ ਦਾਦੂਵਾਲ ਨੇ ਇਲਜ਼ਾਮ ਲਾਇਆ ਕਿ ਬਾਦਲਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀਆਂ ਰਵਾਇਤਾਂ ਤਹਿਸ-ਨਹਿਸ ਕੀਤੀਆਂ ਹਨ। ਬਾਦਲਾਂ ਦੇ ਕਬਜ਼ੇ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਜਾਂਦਾ ਸੰਦੇਸ਼ ਸੰਗਤ ਸੁਣਨਾ ਨਹੀਂ ਚਾਹੁੰਦੀ। ਇਸ ਕਰਕੇ ਸੰਗਤਾਂ ਹਰ ਸਾਲ ਇਸ ਦਾ ਵਿਰੋਧ ਕਰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਾਦਲ ਬੇਅਦਬੀਆਂ ਦੇ ਗੁਨਾਹਗਾਰ ਹਨ ਅਤੇ ਸੰਗਤਾਂ ਵਿੱਚ ਇਸ ਦਾ ਰੋਸ ਹੈ।