ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਜੀਐਸਟੀ ਤੋਂ ਬਾਅਦ ਕੇਂਦਰ ਸਰਕਾਰ ਕੋਲ ਪੰਜਾਬ ਦੇ 3600 ਕਰੋੜ ਰੁਪਏ ਫਸੇ ਪਏ ਹਨ। ਅਸੀਂ ਕਈ ਵਾਰ ਕੇਂਦਰ ਸਰਕਾਰ ਨੂੰ ਆਪਣੀ ਪਤਲੀ ਵਿੱਤੀ ਹਾਲਤ ਬਾਰੇ ਦੱਸ ਚੁੱਕੇ ਹਾਂ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ 'ਤੇ ਲੈਟਰ ਲਿਖਣਗੇ ਤਾਂ ਕਿ ਸਾਨੂੰ ਸਾਡੇ ਪੈਸੇ ਮਿਲ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਵਿਆਜ਼ 'ਤੇ ਪੈਸੇ ਲੈ ਕੇ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਲੋਨ ਦੇਣ ਦੀ ਬੇਨਤੀ ਵੀ ਕਰ ਚੁੱਕੇ ਹਾਂ ਉਹ ਨਾ ਤਾਂ ਸਾਨੂੰ ਲੋਨ ਦਿੰਦੇ ਹਨ ਤੇ ਨਾ ਹੀ ਸਾਡੇ ਪੈਸੇ ਰਲੀਜ਼ ਕਰਦੇ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅਸੀਂ ਭਾਵੇਂ ਵੱਡੇ ਆਰਥਿਕ ਸੰਕਟ 'ਚੋਂ ਗੁਜ਼ਰ ਰਹੇ ਹਾਂ ਪਰ ਇਸ ਸਾਲ ਦੇ ਅੰਤ ਤੱਕ ਕਰਜ਼ਾ ਮੁਆਫੀ ਅਮਲੀ ਰੂਪ ਵਿੱਚ ਲਾਗੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਪਣੇ ਵਾਅਦਿਆਂ ਪ੍ਰਤੀ ਪ੍ਰਤੀਬੱਧ ਹੈ ਤੇ ਅਸੀਂ ਹਰ ਵਾਅਦਾ ਹਰ ਹਾਲਤ 'ਚ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਾਕੀ ਰਾਜਾਂ ਨਾਲੋਂ ਹਰ ਪਾਸੇ ਬਿਹਤਰ ਕੰਮ ਕੀਤੇ ਹਨ ਤੇ ਅੱਗੇ ਵੀ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਜੀ ਐਸ ਟੀ 'ਚ ਬਹੁਤ ਵੱਡੀਆਂ ਸਮੱਸਿਆਵਾਂ ਹਨ ਤੇ ਇਸੇ ਨੇ ਰਾਜਾਂ ਨੂੰ ਵੱਡੇ ਸੰਕਟਾਂ 'ਚ ਫਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਨਾ ਤਿਆਰੀ ਤੋਂ ਲਾਗੂ ਕੀਤਾ ਗਿਆ ਬਿੱਲ ਹੈ ਤੇ ਇਸੇ ਕਰਕੇ ਇਸ ਨੂੰ ਪਹਿਲਾਂ ਚੰਗਾ ਕਹਿਣ ਵਾਲੇ ਵੀ ਹੁਣ ਮਾੜਾ ਕਹਿ ਰਹੇ ਹਨ। ਉਨ੍ਹਾਂ ਕਿਹਾ ਜੇ ਦੇਸ਼ ਨੂੰ ਅੱਗੇ ਲਿਜਾਣਾ ਹੈ ਤਾਂ ਕੇਂਦਰ ਨੂੰ ਸੂਬਿਆਂ ਦਾ ਵਿਕਾਸ ਕਰਨਾ ਹੋਵੇਗਾ ਤਾਂ ਹੀ ਦੇਸ਼ ਅੱਗੇ ਵਧ ਸਕਦਾ ਹੈ। ਬਾਦਲ ਨੇ ਕਿਹਾ ਕਿ ਅਕਾਲੀ ਦੇ ਪ੍ਰਧਾਨ ਗੱਲਾਂ ਬਹੁਤ ਕਰਦੇ ਹਨ ਪਰ ਉਨ੍ਹਾਂ ਨੇ ਆਪਣੀ ਸਰਕਾਰ ਦੇ 10 ਸਾਲਾਂ 'ਚ ਪੰਜਾਬ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਰਜ਼ਈ ਅਕਾਲੀ ਦਲ ਨੇ ਕੀਤਾ ਹੈ ਤੇ ਇਨ੍ਹਾਂ ਜਾਂਦੇ ਜਾਂਦੇ ਵੀ ਵੱਡੇ ਕਰਜ਼ੇ ਲਏ ਤੇ ਆਰਥਿਕਾ ਨੂੰ ਨੁਕਸਾਨ ਪਹੁੰਚਾਇਆ ਹੈ।