ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਜੱਦੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਉਣ ਲਈ ਟਿੱਲ ਲਾਇਆ ਹੋਇਆ ਹੈ। ਵਿਰੋਧ ਵਿੱਚ ਮੌਜੂਦਾ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹੋਣ ਕਾਰਨ ਮਨਪ੍ਰੀਤ ਬਾਦਲ ਨੂੰ ਪਾਰਟੀ ਦੀ ਹਾਰ ਦੇ ਤੌਖ਼ਲੇ ਵੀ ਹਨ। ਇਸ ਲਈ ਉਹ ਆਪਣੇ ਸਥਾਨਕ ਲੀਡਰਾਂ ਨੂੰ ਬੇਹੱਦ ਗੰਭੀਰ ਭਾਸ਼ਣ ਦੇ ਕੇ ਰਾਜਾ ਵੜਿੰਗ ਨੂੰ ਜਿਤਾਉਣ ਲਈ ਅਪੀਲ ਕਰ ਰਹੇ ਹਨ।


ਮਨਪ੍ਰੀਤ ਬਾਦਲ ਕਹਿ ਰਹੇ ਹਨ ਕਿ ਜੇ ਉਮੀਦਵਾਰ ਦੀ ਹਾਰ ਹੁੰਦੀ ਹੈ ਤਾਂ ਉਹ ਮਾਰੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਲਈ (ਵੜਿੰਗ ਨੂੰ ਜਿਤਾਉਣ ਲਈ) ਜੋ ਵੀ ਕੀਮਤ ਅਦਾ ਕਰਨੀ ਜਾਂ ਕੁਰਬਾਨੀ ਦੇਣੀ ਹੈ, ਉਹ ਦੇਣ ਲਈ ਤਿਆਰ ਹਨ। ਮਨਪ੍ਰੀਤ ਬਾਦਲ ਨੇ ਇਹ ਸਭ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਿਹਾ।

ਸ਼ਬਦਾਂ ਦੇ ਖਿਡਾਰੀ ਮਨਪ੍ਰੀਤ ਬਾਦਲ ਵੱਲੋਂ ਵਰਤੇ ਗਏ ਮੌਤ ਲਫ਼ਜ਼ ਦਾ ਮਤਲਬ ਬਠਿੰਡਾ ਸੀਟ ਉਨ੍ਹਾਂ ਲਈ ਵੱਕਾਰ ਦੇ ਸਵਾਲ ਦੇ ਨਾਲ-ਨਾਲ ਉਨ੍ਹਾਂ ਦੀ ਕੁਰਸੀ ਖੁੱਸਣ ਤੋਂ ਵੀ ਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਜਿਹੜਾ ਮੰਤਰੀ ਆਪਣੇ ਲੋਕ ਸਭਾ ਉਮੀਦਵਾਰ ਨੂੰ ਨਹੀਂ ਜਿਤਾ ਪਾਇਆ ਤਾਂ ਉਸ ਨੂੰ ਅਹੁਦਾ ਛੱਡਣਾ ਪਵੇਗਾ।

ਜ਼ਿਕਰਯੋਗ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਹਰਸਮਿਰਤ ਬਾਦਲ ਤੋਂ 20 ਕੁ ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ ਸੀ ਪਰ ਹੁਣ ਰਾਜਾ ਵੜਿੰਗ ਜ਼ਰੀਏ ਉਹ ਆਪਣੀ ਹਾਰ ਦਾ ਬਦਲਾ ਚਾਹੁੰਦੇ ਹਨ। ਇਸ ਵਿੱਚ ਉਹ ਕਿੰਨੇ ਕੁ ਸਫਲ ਹੁੰਦੇ ਹਨ ਇਸ ਦਾ ਪਤਾ 23 ਮਈ ਨੂੰ ਲੱਗ ਜਾਵੇਗਾ।