ਗੁਰਦਾਸਪੁਰ: ਕੌਮੀ ਸੁਰੱਖਿਆ ਤੇ ਰਾਸ਼ਟਰਵਾਦ ਜਿਹੇ ਮੁੱਦਿਆਂ ਬਾਰੇ ਸਭ ਤੋਂ ਵੱਧ ਪ੍ਰਚਾਰ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਹਵਾ ਉਸ ਦੇ ਉਮੀਦਵਾਰ ਸੰਨੀ ਦਿਓਲ ਨੇ ਕੱਢ ਦਿੱਤੀ ਹੈ। ਬਾਲੀਵੁੱਡ ਸਟਾਰ ਸੰਨੀ ਦਿਓਲ ਨੇ ਬਾਲਾਕੋਟ ਏਅਰਸਟ੍ਰਾਈਕ ਬਾਰੇ ਅਣਜਾਣਤਾ ਪ੍ਰਗਟਾਈ ਹੈ। ਸੰਨੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ ਹੈ।
ਗੁਰਦਾਸਪੁਰ ਵਿੱਚ ਚੋਣ ਪ੍ਰਚਾਰ ਕਰ ਰਹੇ ਸੰਨੀ ਦਿਓਲ ਨੂੰ ਐਨਡੀਟੀਵੀ ਦੀ ਪੱਤਰਕਾਰ ਨੇ ਕੁਝ ਸਵਾਲ ਕੀਤੇ ਤੇ ਇਨ੍ਹਾਂ ਵਿੱਚ ਹੀ ਉਨ੍ਹਾਂ ਬਾਲਾਕੋਟ ਏਅਰ ਸਟ੍ਰਾਈਕ ਨੂੰ ਦੇਸ਼ ਨੂੰ ਫਾਇਦਾ ਹੋਣ ਬਾਰੇ ਸਵਾਲ ਵੀ ਪੁੱਛ ਲਿਆ। ਸੰਨੀ ਦਿਓਲ ਨੇ ਮੁੱਦੇ ਤੋਂ ਅਣਜਾਣਪੁਣਾ ਪ੍ਰਗਟਾਉਂਦਿਆਂ ਇਹੋ ਕਿਹਾ ਕਿ ਉਹ ਹਾਲੇ ਨਵੇਂ ਹਨ, ਪਹਿਲਾਂ ਚੋਣ ਜਿੱਤਣਗੇ ਤੇ ਫਿਰ ਅਜਿਹੇ ਮਸਲਿਆਂ ਬਾਰੇ ਤਫ਼ਸੀਲ ਨਾਲ ਗੱਲ ਕਰ ਸਕਣਗੇ।
ਜ਼ਰੂਰ ਪੜ੍ਹੋ- ਕਣਕ ਦੀ ਲਿਫ਼ਟਿੰਗ, ਬਾਰਦਾਨੇ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਸੰਨੀ ਦਿਓਲ ਦੀ ਰਾਏ!
ਇਹ ਪਹਿਲੀ ਵਾਰ ਨਹੀਂ ਹੈ ਕਿ ਸੰਨੀ ਦਿਓਲ ਕਿਸੇ ਸੰਜੀਦਾ ਤੇ ਗੰਭੀਰ ਮੁੱਦੇ 'ਤੇ ਅਜਿਹੇ ਨਿਆਣਪੁਣੇ ਦਾ ਪ੍ਰਗਟਾਵਾ ਕਰ ਚੁੱਕੇ ਹੋਣ। ਬੀਤੇ ਦਿਨ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਸਾਨਾਂ ਦੇ ਮੁੱਦੇ 'ਤੇ ਵੀ ਅਜਿਹਾ ਹੀ ਜਵਾਬ ਦਿੱਤਾ ਸੀ। ਹੁਣ ਦੇਖਣਾ ਹੋਵੇਗਾ ਕਿ ਚੋਣਾਂ ਤੋਂ ਬਾਅਦ ਸੰਨੀ ਦਿਓਲ ਆਪਣੇ ਕਹੇ ਮੁਤਾਬਕ ਜਿੱਤ ਕੇ ਸਿੱਖਣਗੇ ਜਾਂ ਨਾ, ਇਹ ਆਉਂਦੀ 23 ਮਈ ਨੂੰ ਸਾਫ ਹੋ ਜਾਵੇਗਾ।