ਅੰਮ੍ਰਿਤਸਰ: ਹਮੇਸ਼ਾਂ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਦਾਕਾਰ ਸੰਨੀ ਦਿਓਲ ਨੂੰ ਸਿਆਸਤ ਵਿੱਚ ਪੈਰ ਧਰਦਿਆਂ ਹੀ ਵਿਵਾਦਾਂ ਨੇ ਘੇਰ ਲਿਆ ਹੈ। ਚੋਣ ਕਮਿਸ਼ਨ ਤੇ ਪੁਲਿਸ ਤੋਂ ਬਾਅਦ ਹੁਣ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਖ਼ਿਲਾਫ਼ ਅਕਾਲ ਤਖ਼ਤ ’ਤੇ ਵੀ ਸ਼ਿਕਾਇਤ ਪੁੱਜ ਗਈ ਹੈ। ਇਸ ਵਿੱਚ ਉਸ ਖ਼ਿਲਾਫ਼ ਸਿਰੋਪੇ ਦਾ ਨਿਰਾਦਰ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ।

ਇਸ ਤੋਂ ਪਹਿਲਾਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਹੇਠ ਉਸ ਖ਼ਿਲਾਫ਼ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਗਈ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਇਹ ਸ਼ਿਕਾਇਤ ਬਟਾਲਾ ਦੇ ਗਤਕਾ ਅਖਾੜੇ ਦੇ ਆਗੂਆਂ ਵੱਲੋਂ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਰੋਡ ਸ਼ੋਅ ਵਾਲੇ ਦਿਨ ਜਿਸ ਟਰੱਕ ਵਿੱਚ ਉਹ ਸਵਾਰ ਸੀ ਤੇ ਜਿੱਥੇ ਬੈਠਾ ਹੋਇਆ ਸੀ, ਉਸ ਨੂੰ ਲੋਕਾਂ ਵੱਲੋਂ ਪਿਆਰ ਤੇ ਸਤਿਕਾਰ ਨਾਲ ਭੇਟ ਕੀਤੇ ਸਿਰੋਪੇ ਉਸ ਨੇ ਉੱਥੇ ਹੀ ਪੈਰਾਂ ਵਿੱਚ ਰੱਖੇ ਹੋਏ ਸੀ। ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਫ਼ਿਲਹਾਲ ਆਪਣੀ ਸ਼ਿਕਾਇਤ ਦੇ ਸਬੰਧ ਵਿੱਚ ਕੋਈ ਸਬੂਤ ਨਹੀਂ ਦੇ ਕੇ ਗਏ, ਉਨ੍ਹਾਂ ਤੋਂ ਸਬੂਤ ਮੰਗੇ ਗਏ ਹਨ। ਉਨ੍ਹਾਂ ਕਿਹਾ ਕਿ ਸਬੂਤਾਂ ਮਗਰੋਂ ਹੀ ਇਸ ਬਾਰੇ ਕੋਈ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਇਹ ਸ਼ਿਕਾਇਤ ਪੱਤਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਅੰਮ੍ਰਿਤਸਰ ਵਾਸੀ ਕੁਝ ਵਿਅਕਤੀਆਂ ਵੱਲੋਂ ਸਨੀ ਦਿਓਲ ਖ਼ਿਲਾਫ਼ ਪੁਲਿਸ ਕਮਿਸ਼ਨਰ ਕੋਲ ਵੀ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਨੇ ਰੋਡ ਸ਼ੋਅ ਦੌਰਾਨ ਭਗਵਾਨ ਸ਼ਿਵ ਦੀ ਤਸਵੀਰ ਦਾ ਨਿਰਾਦਰ ਕੀਤਾ ਹੈ। ਉਹ ਟਰੱਕ ਵਿੱਚ ਜਿਸ ਥਾਂ ’ਤੇ ਪੈਰ ਰੱਖ ਕੇ ਬੈਠਾ ਹੋਇਆ ਸੀ, ਉਸ ਦੇ ਹੇਠਾਂ ਹੀ ਭਗਵਾਨ ਸ਼ਿਵ ਦੀ ਤਸਵੀਰ ਲੱਗੀ ਹੋਈ ਸੀ। ਉਨ੍ਹਾਂ ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ।