ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਵਿੱਚ ਸ਼ਾਮਲ ਹੁੰਦਿਆਂ ਹੀ ਵਿਧਾਇਕ ਅਮਰਜੀਤ ਸੰਦੋਆ ਨੇ ਨਵੀਂ ਪਾਰਟੀ ਵਿੱਚ ਧਮਾਕਾ ਕੀਤਾ ਹੈ। ਸੰਦੋਆ ਨੇ ਨਵੀਂ ਪਾਰਟੀ ਵਿੱਚ ਪੈਰ ਧਰਦਿਆਂ ਹੀ ਜ਼ਿਲ੍ਹਾ ਰੂਪਨਗਰ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਚੋਣਾਂ ਦੇ ਮਾਹੌਲ ਵਿੱਚ ਸੰਦੋਆ ਦੇ ਇਸ ਪੁਆੜੇ ਤੋਂ ਕਾਂਗਰਸੀ ਕਾਫੀ ਔਖੇ ਹਨ।

ਦਰਅਸਲ ਸੰਦੋਆ ਨੇ ਬਰਿੰਦਰ ਢਿੱਲੋਂ ਵਿਰੁੱਧ ਫੇਸਬੁੱਕ 'ਤੇ ਪੋਸਟ ਪਾਈ ਹੈ। ਇਸ ਮਗਰੋਂ ਢਿੱਲੋਂ ਦੇ ਹਮਾਇਤੀਆਂ ਦਾ ਪਾਰਾ ਸੱਤਵੇਂ ਅਸਮਾਨ ਚੜ੍ਹ ਗਿਆ ਹੈ। ਮਾਮਲਾ ਭਖਦਾ ਵੇਖ ਸੰਦੋਆ ਨੇ ਕਿਹਾ ਹੈ ਕਿ ਇਹ ਪੋਸਟ ਕਿਸੇ ਸ਼ਰਾਰਤੀ ਅਨਸਰ ਵੱਲੋਂ ਪਾਈ ਗਈ ਹੈ। ਸੰਦੋਆ ਦੇ ਨਿੱਜੀ ਸਕੱਤਰ ਰਵਿੰਦਰ ਧੀਮਾਨ ਨੇ ਗ਼ਲਤ ਪੋਸਟ ਪਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਨੂਰਪੁਰ ਬੇਦੀ ਪੁਲਿਸ ਥਾਣੇ ’ਚ ਅਰਜ਼ੀ ਵੀ ਦਿੱਤੀ ਹੈ। ਡੀਸੀ ਰੂਪਨਗਰ ਤੇ ਐਸਐਸਪੀ ਰੂਪਨਗਰ ਨੂੰ ਵੀ ਸ਼ਿਕਾਇਤੀ ਦਿੱਤੀ ਗਈ ਹੈ।


ਧੀਮਾਨ ਨੇ ਦੱਸਿਆ ਕਿ ਉਕਤ ਪੋਸਟ ਬਿਨਾਂ ਕਿਸੇ ਜਾਣਕਾਰੀ ਤੋਂ ਕਿਸੇ ਸਾਜ਼ਿਸ਼ ਤਹਿਤ ਪਾਈ ਗਈ ਹੈ। ਉਨ੍ਹਾਂ ਉਕਤ ਪੋਸਟ ਪਾਉਣ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਵਿਧਾਇਕ ਸੰਦੋਆ ਨੇ ਵੀ ਇਹ ਪੋਸਟ ਪਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਦੌਰਾਨ ਫੇਸਬੁੱਕ ਪੇਜ ਦੇ ਐਡਮਿਨ ਰਾਮ ਕੁਮਾਰ ਨੇ ਕਿਹਾ ਹੈ ਇਹ ਕੰਮ ਕਿਸੇ ਸ਼ਰਾਰਤੀ ਦਾ ਹੈ।

ਦੂਜੇ ਪਾਸੇ, ਬਰਿੰਦਰ ਢਿੱਲੋਂ ਤੇ ਹਮਾਇਤੀਆਂ ਨੇ ਪੋਸਟ ਉਪੰਰਤ ਸੰਦੋਆ ਦੀ ਨੁਕਤਾਚੀਨੀ ਕੀਤੀ। ਇਸ ਬਾਰੇ ਬਰਿੰਦਰ ਢਿੱਲੋਂ ਨੇ ਕਿਹਾ ਕਿ ਸ਼ਰਾਰਤੀਆਂ ਨੂੰ ਇਹੋ-ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਬੇਸ਼ੱਕ ਸੰਦੋਆ ਇਹ ਗੱਲ ਸ਼ਰਾਰਤੀ ਅਨਸਰਾਂ 'ਤੇ ਸੁੱਟ ਰਹੇ ਹਨ ਪਰ ਇਹ ਤਾਂ ਸਪਸ਼ਟ ਹੈ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਵਾਲੀ ਹਾਲਤ ਬਣ ਗਈ ਹੈ। ਇਸ ਲਈ ਅਗਲੇ ਦਿਨਾਂ ਵਿੱਚ ਇਹ ਲੜਾਈ ਹੋਰ ਮਘ ਸਕਦੀ ਹੈ।