ਆਪਣੀ ਵੋਟ ਪੈਣ 'ਤੇ ਮਨਪ੍ਰੀਤ ਬਾਦਲ ਵੀ ਹੈਰਾਨ, ਇਸ ਬੰਦੇ 'ਤੇ ਸ਼ੱਕ
ਏਬੀਪੀ ਸਾਂਝਾ | 31 Dec 2018 04:21 PM (IST)
ਚੰਡੀਗੜ੍ਹ: ਪੰਚਾਇਤੀ ਚੋਣਾਂ ਦੌਰਾਨ ਆਪਣੀ ਵੋਟ ਕਿਸੇ ਹੋਰ ਵੱਲੋਂ ਪਾਏ ਜਾਣ 'ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਹੈਰਾਨ ਹਨ। ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਸਵਾਲ ਵੀ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਬਿਮਾਰ ਹੋਣ ਕਰਕੇ ਉਹ ਬਾਦਲ ਪਿੰਡ ਵੋਟ ਪਾਉਣ ਨਹੀਂ ਜਾ ਸਕੇ ਸੀ ਪਰ ਪਤਾ ਲੱਗਾ ਹੈ ਕਿ ਵੋਟ ਕਿਸੇ ਹੋਰ ਨੇ ਪਾ ਦਿੱਤੀ। ਆਪਣੀ ਵੋਟ ਪੈਣ 'ਤੇ ਸ਼ੱਕ ਜਤਾਉਂਦੇ ਹੋਏ ਮਨਪ੍ਰੀਤ ਨੇ ਕਿਹਾ ਕਿ ਬਾਦਲ ਪਿੰਡ ਵਿੱਚ ਇੱਕ ਹੋਰ ਮਨਪ੍ਰੀਤ ਸਿੰਘ ਬਾਦਲ ਨਾਮ ਦਾ ਬੰਦਾ ਹੈ। ਉਸ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਖਰਾਬ ਕਰਨ ਲਈ ਵੀ ਖੜ੍ਹਾ ਕੀਤਾ ਗਿਆ ਸੀ। ਮਨਪ੍ਰੀਤ ਨੂੰ ਸ਼ੱਕ ਹੈ ਕਿ ਉਸ ਬੰਦੇ ਨੇ ਵੀ ਵੋਟ ਪਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸਲ ਕਹਾਣੀ ਤਾਂ ਪ੍ਰੀਜ਼ਾਇਡਿੰਗ ਅਫਸਰ ਹੀ ਦੱਸ ਸਕਦੇ ਹਨ। ਉਂਝ ਮਨਪ੍ਰੀਤ ਨੇ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਨੂੰ ਕੋਈ ਸ਼ਿਕਾਇਤ ਦੇਣ ਤੋਂ ਇਨਕਾਰ ਕੀਤਾ ਹੈ। ਸੱਜਣ ਕੁਮਾਰ ਦੇ ਆਤਮ ਸਮਰਪਣ ਬਾਰੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ। ਸਿੱਖ ਕਤਲੇਆਮ ਦੇ ਪੀੜਤ ਪਰਿਵਾਰ 34 ਸਾਲਾਂ ਤੋਂ ਫੈਸਲੇ ਦਾ ਇੰਤਜ਼ਾਰ ਕਰ ਰਹੇ ਸੀ। ਉਨ੍ਹਾਂ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇ ਫ਼ੈਸਲੇ ਦਾ ਸਵਾਗਤ ਕੀਤਾ।