ਚੰਡੀਗੜ੍ਹ: ਪਿਓ ਦੀ ਮੌਤ ਤੋਂ ਬਾਅਦ ਗ਼ਰੀਬੀ ਕਾਰਨ ਪੜ੍ਹਾਈ ਦੇ ਨਾਲ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਕੇ ਮਿਸਲ ਬਣੀ ਮਨਪ੍ਰੀਤ ਕੌਰ, ਅੱਜ ਪੀਜੀਆਈ (ਚੰਡੀਗੜ੍ਹ) ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਸੜਕ ਹਾਦਸੇ ਦਾ ਸ਼ਿਕਾਰ ਹੋਈ ਇਸ ਲੜਕੀ ਦਾ ਗ਼ਰੀਬੀ ਕਾਰਨ ਇਲਾਜ ਹੋਣ ਤੋਂ ਵੀ ਅਸਮਰਥ ਹੈ। ਪਰਿਵਾਰ ਵਾਲਿਆਂ ਨੇ ਸਮਾਜ ਤੋਂ ਮਦਦ ਦੀ ਗੁਹਾਰ ਲਾਈ ਹੈ।

ਇਸ ਲੜਕੀ ਨੂੰ 26 ਸਤੰਬਰ ਨੂੰ ਮਾਨਸਾ ਵਿੱਚ ਬਰਨਾਲਾ ਡਿੱਪੂ ਦੀ ਬੱਸ ਨੇ ਟੱਕਰ ਮਾਰ ਦਿੱਤੀ ਸੀ। ਇਸ ਕਾਰਨ ਹਾਦਸੇ ਵਿੱਚ ਉਸ ਦੇ ਦੋ ਚੂਲੇ ਟੁੱਟ ਗਏ ਸਨ। ਗੰਭੀਰ ਹਾਲਤ ਵਿੱਚ ਉਸ ਨੂੰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਮਨਪ੍ਰੀਤ ਦੀ ਮਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਡਰਾਈਵਰ ਨੇ ਉਸ ਦੀ ਕੋਈ ਸਾਰ ਨਹੀਂ ਲਈ। ਪਰਿਵਾਰ ਗ਼ਰੀਬੀ ਨਾਲ ਜੂਝ ਰਿਹਾ ਹੈ।

ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਪੜ੍ਹਾਈ ਕਰਨ ਦੇ ਨਾਲ ਪਾਰਟ ਟਾਈਮ ਨੌਕਰੀ ਕਰਕੇ ਆਪਣੇ ਛੋਟੇ ਭਰਾਵਾਂ ਦਾ ਸਹਾਰਾ ਬਣੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਉਸ ਤੋਂ ਤੋਂ ਇਲਾਵਾ ਉਸ ਦੇ ਘਰ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ। ਹਾਲਤ ਇਹ ਹੈ ਕਿ ਗ਼ਰੀਬੀ ਕਾਰਨ ਉਹ ਆਪਣੇ ਬੇਟੀ ਦਾ ਇਲਾਜ ਕਰਾਉਣ ਤੋਂ ਅਸਮਰਥ ਹਨ। ਇਸ ਲਈ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜਸੇਵੀ ਸੰਸਥਾਵਾਂ ਤੋਂ ਮਦਦ ਦੀ ਮੰਗ ਕੀਤੀ ਹੈ।

'ਦੈਨਿਕ ਭਾਸਕਰ' ਅਖ਼ਬਾਰ ਮੁਤਾਬਕ ਮਾਨਸਾ ਸਿਟੀ-2 ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਪੁਲਿਸ ਨੇ ਬੱਸ ਡਰਾਈਵਰ ਉੱਤੇ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਰੱਲਾ ਨਿਵਾਸੀ ਮਨਪ੍ਰੀਤ ਕੌਰ ਭੀਖੀ ਕਾਲਜ ਵਿੱਚ ਜੀਐਨਐਮ ਦੀ ਪੜ੍ਹਾਈ ਕਰ ਰਹੀ ਹੈ। ਦੋ ਸਾਲ ਪਹਿਲਾ ਖੇਤ ਵਿੱਚ ਕੰਮ ਕਰਦੇ ਉਸ ਦੇ ਪਿਤਾ ਦੀ ਸਪਰੇਅ ਚੜ੍ਹਨ ਨਾਲ ਮੌਤ ਹੋ ਗਈ ਸੀ। ਉਸ ਦੇ ਘਰ ਵਿੱਚ ਦੋ ਛੋਟੇ ਭਰਾ ਤੇ ਇੱਕ ਮਾਂ ਹੈ। ਉਹ ਆਪਣੀ ਪੜਾਈ ਦੇ ਨਾਲ ਘਰ ਦਾ ਖਰਚਾ ਚਲਾਉਣ ਵਿੱਚ ਮਾਂ ਦੀ ਮਦਦ ਕਰਦੀ ਹੈ।