ਕੋਟਕਪੂਰਾ ਗੋਲ਼ੀਕਾਂਡ 'ਚ ਸਾਬਕਾ ਅਕਾਲੀ ਵਿਧਾਇਕ ਨੂੰ ਵੱਡੀ ਰਾਹਤ
ਏਬੀਪੀ ਸਾਂਝਾ | 03 Apr 2019 02:13 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਬਰਾੜ ਨੂੰ ਕੋਟਕਪੂਰਾ ਗੋਲ਼ੀਕਾਂਡ ਮਾਮਲੇ ਵਿੱਚ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਬਰਾੜ ਨੂੰ ਕੋਟਰਪੂਰਾ ਗੋਲ਼ੀਕਾਂਡ ਵਿੱਚ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ, ਕੋਟਕਪੂਰਾ ਗੋਲ਼ੀਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਮਨਤਾਰ ਬਰਾੜ ਨੂੰ ਗ੍ਰਿਫ਼ਤਾਰ ਕਰਨ ਦੀ ਝਾਕ ਵਿੱਚ ਸੀ ਪਰ ਹਾਈਕੋਰਟ ਨੇ ਬਰਾੜ ਨੂੰ ਰਾਹਤ ਦੇ ਦਿੱਤੀ ਹੈ। ਫ਼ਰੀਦਕੋਟ ਦੀ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਦੀ ਅਰਜ਼ੀ ਖ਼ਾਰਜ ਹੋਣ ਤੋਂ ਬਾਅਦ ਮਨਤਾਰ ਬਰਾੜ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਬਰਾੜ ਨੇ ਆਪਣੀ ਜ਼ਮਾਨਤ ਦੀ ਅਰਜ਼ੀ 'ਚ ਕਿਹਾ ਸੀ ਕਿ ਉਹ ਪਹਿਲਾਂ ਹੀ ਐਸਆਈਟੀ ਕੋਲ ਤਫ਼ਤੀਸ਼ ਵਿੱਚ ਪੇਸ਼ ਹੋ ਚੁੱਕੇ ਹਨ ਪਰ ਇਸ ਤੋਂ ਇਲਾਵਾ ਉਸ ਕੋਲ ਐਸਆਈਟੀ ਨੂੰ ਦੱਸਣ ਲਈ ਕੁਝ ਵੀ ਨਹੀਂ ਹੈ। ਹਾਲਾਂਕਿ, ਐਸਆਈਟੀ ਨੇ ਹਾਈਕੋਰਟ ਨੂੰ ਦਲੀਲ ਦਿੱਤੀ ਕਿ ਬਰਾੜ ਦੇ ਖ਼ਿਲਾਫ਼ ਐਸਆਈਟੀ ਕੋਲ ਕੁਝ ਅਹਿਮ ਸਬੂਤ ਹਨ ਜਿਸ ਦੀ ਤਫਤੀਸ਼ ਕਰਨੀ ਜ਼ਰੂਰੀ ਹੈ। ਹਾਈਕੋਰਟ ਨੇ ਸਾਰੀਆਂ ਦਲੀਲਾਂ ਸੁਣਦੇ ਹੋਏ ਬਰਾੜ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ।