ਬਠਿੰਡਾ: ਦੀਵਾਲੀ ਦੇ ਤਿਓਹਾਰ ਮੌਕੇ ਪਟਾਕਿਆਂ ਦੀ ਗੂੰਜ ਖਾਸ ਹੁੰਦੀ ਹੈ ਪਰ ਬਠਿੰਡਾ ਜ਼ਿਲ੍ਹੇ ਦੇ ਕਰੀਬ ਅੱਧਾ ਦਰਜਨ ਪਿੰਡ ਅਜਿਹੇ ਹਨ ਜਿੱਥੇ ਲੋਕ ਚਾਹੁੰਦੇ ਹੋਏ ਵੀ ਪਟਾਕੇ ਨਹੀਂ ਚਲਾ ਸਕਦੇ। ਇਸ ਦਾ ਮੁੱਖ ਕਾਰਨ ਇੱਥੇ ਦੇਸ਼ ਦੀਆਂ ਤਿੰਨ ਵੱਡੀਆਂ ਕੰਪਨੀਆਂ ਦੇ ਤੇਲ ਡਿਪੂਆਂ ਤੇ ਤੇਲ ਸੋਧਕ ਕਾਰਖਾਨੇ ਦਾ ਨੇੜੇ ਹੋਣਾ ਹੈ। ਇਸ ਦੇ ਨਾਲ ਹੀ ਆਰਮੀ ਦਾ ਬਾਰੂਦ ਕੇਂਦਰ ਵੀ ਨੇੜੇ ਹੈ। ਇੱਕ ਗੈਸ ਕੰਪਨੀ ਦਾ ਗੈਸ ਭੰਡਾਰਨ ਵੀ ਇਸੇ ਖੇਤਰ ਵਿੱਚ ਹੈ।
ਇਸ ਕਰਕੇ ਪ੍ਰਸ਼ਾਸਨ ਵੱਲੋਂ ਇੱਥੇ ਧਾਰਾ 144 ਲਾ ਦਿੱਤੀ ਜਾਂਦੀ ਹੈ। ਇਸ ਦੇ ਚੱਲਦਿਆਂ ਹੀ ਜ਼ਿਲ੍ਹੇ ਦੇ ਪਿੰਡ ਫੂਸ ਮੰਡੀ, ਫੁੱਲੋਖਾਰੀ, ਰਾਮਾਂ ਮੰਡੀ, ਰਾਮਸਰਾ, ਗਿਆਨਾ ਤੇ ਕਣਕਵਾਲ ਦੇ ਲੋਕ ਦੀਵਾਲੀ ਮੌਕੇ ਪਟਾਕੇ ਨਹੀਂ ਚਲਾ ਸਕਦੇ। ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਦੀਵਾਲੀ ਮੌਕੇ ਜਿੱਥੇ ਲੋਕ ਦੀਪਮਾਲਾ ਤੇ ਆਤਿਸ਼ਬਾਜ਼ੀ ਕਰਕੇ ਤਿਓਹਾਰ ਮਨਾਉਂਦੇ ਹਨ, ਉੱਥੇ ਹੀ ਉਨ੍ਹਾਂ ਦੀ ਦੀਵਾਲੀ ਕਾਲੀ ਹੁੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਟਾਕੇ ਚਲਾਉਣ 'ਤੇ ਮਨਾਹੀ ਹੈ।
ਇਸ ਕਰਕੇ ਇਨ੍ਹਾਂ ਪਿੰਡਾਂ ਦੇ ਲੋਕ ਹਰ ਸਾਲ ਨਾ ਤਾਂ ਚੰਗੀ ਤਰ੍ਹਾਂ ਦੀਪਮਾਲਾ ਕਰ ਸਕਦੇ ਹਨ ਤੇ ਨਾ ਹੀ ਪਟਾਕੇ ਚਲਾ ਸਕਦੇ ਹਨ। ਅਕਸਰ ਦੀਵਾਲੀ ਮੌਕੇ ਇਨ੍ਹਾਂ ਪਿੰਡਾਂ ਦੇ ਬਹੁਤੇ ਬੱਚੇ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਚਲੇ ਜਾਂਦੇ ਹਨ ਤਾਂ ਕਿ ਉਹ ਵੀ ਹੋਰ ਲੋਕਾਂ ਵਾਂਗ ਦੀਵਾਲੀ ਦੇ ਰੰਗਾਂ ਨੂੰ ਖੁੱਲ੍ਹ ਕੇ ਮਾਣ ਸਕਣ। ਇਨ੍ਹਾਂ ਲੋਕਾਂ ਦਾ ਕਹਿਣਾ ਕੇ ਬੱਚੇ ਪਟਾਕੇ ਚਲਾਉਣ ਦੀ ਜ਼ਿੱਦ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਖੁਸ਼ ਕਰਨ ਲਈ ਆਪਣੇ ਰਿਸ਼ਤੇਦਾਰਾਂ ਦੇ ਘਰ ਭੇਜਣਾ ਪੈਂਦਾ ਹੈ।