ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਕਤਸਰ ਮੈਰਾਥਨ-2018 ਦੀ ਪਹਿਲੀ ਲੜੀ ਮਨਾਉਣ ਲਈ ਪੋਸਟਰ ਤੇ ਟੀ-ਸ਼ਰਟ ਰਿਲੀਜ਼ ਕੀਤਾ ਹੈ। ਦੌੜ ਦਾ ਇਹ ਸਮਾਰੋਹ 18 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਨੂੰ ਮਹਾਨ ਐਥਲੀਟ ਉੱਡਣੇ ਸਿੱਖ ਮਿਲਖਾ ਸਿੰਘ ਵੱਲੋਂ ਝੰਡੀ ਦਿਖਾਈ ਜਾਵੇਗੀ। ਇਹ ਮੈਰਾਥਨ ਇਸ ਖਿੱਤੇ ਵਿੱਚ ਮੈਰਾਥਨ ਦੌੜ ਨੂੰ ਮੁੜ ਪ੍ਰਭਾਸ਼ਤ ਕਰੇਗੀ।
ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਜਾ ਰਹੀ ਮੈਰਾਥਨ 18 ਮਾਰਚ ਨੂੰ ਸਵੇਰੇ 7.00 ਵਜੇ ਨਵੀਂ ਅਨਾਜ ਮੰਡੀ, ਗਿੱਦੜਬਾਹਾ ਤੋਂ ਸ਼ੁਰੂ ਹੋਵੇਗੀ। ਇਹ ਸ਼ਹਿਰ ਦੇ ਨਾਲ ਲੱਗਦੇ ਚਾਰ ਪਿੰਡਾਂ ਦੇ ਆਲੇ-ਦੁਆਲੇ ਹਰੇ-ਭਰੇ ਇਲਾਕਿਆਂ ਵਿੱਚ ਦੀ ਹੁੰਦੀ ਹੋਈ ਫਿਰ ਇਸ ਸਥਾਨ 'ਤੇ ਵਾਪਸ ਆ ਜਾਵੇਗੀ।
ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਮਾਰੋਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਅਥਲੀਟਾਂ ਦੇ ਹਿੱਸਾ ਲੈਣ ਲਈ ਦਰਵਾਜ਼ੇ ਖੋਲ੍ਹੇਗਾ। ਇਸ ਤੋਂ ਇਲਾਵਾ ਇਹ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਣਨੀਤਕ ਭਾਈਵਾਲੀ ਨੂੰ ਰੂਪ ਦੇਵੇਗਾ।
ਇਸ ਸਮਾਰੋਹ ਵਿਚ ਤਿੰਨ ਸ਼੍ਰੇਣੀਆਂ ਵਿੱਚ 21 ਕਿਲੋਮੀਟਰ ਹਾਫ ਮੈਰਾਥਨ, 10 ਕਿਲੋਮੀਟਰ ਮੁਕਾਬਲੇਬਾਜ਼ੀ ਦੀ ਦੌੜ ਤੇ 5 ਕਿਲੋਮੀਟਰ ਸਿਹਤ/ਮਨੋਰੰਜਨ ਦੌੜ ਵਜੋਂ ਹੋਣਗੀਆਂ। ਇਸ ਵਿੱਚ ਨਗਦ ਇਨਾਮੀ ਰਾਸ਼ੀ 13 ਲੱਖ ਰੁਪਏ ਹੋਵੇਗੀ। ਇਸ ਦੌਰਾਨ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।