ਸ਼ਿਲਾਂਗ: ਪੰਜਾਬ ਸਰਕਾਰ ਵੱਲੋਂ ਸ਼ਿਲਾਂਗ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੂੰ 60 ਲੱਖ ਰੁਪਏ ਮੁਆਵਜ਼ਾ ਦੇਣ ਦੇ ਫ਼ੈਸਲੇ ਤੋਂ ਮੇਘਾਲਿਆ ਸਰਕਾਰ ਕਾਫੀ ਔਖੀ ਹੈ। ਪੰਜਾਬ ਸਰਕਾਰ ਇਹ ਮੁਆਵਜ਼ਾ ਜੂਨ ਵਿੱਚ ਇੱਥੇ ਹੋਏ ਦੰਗਾ-ਫ਼ਸਾਦ ਦੌਰਾਨ ਪੀੜਤ ਭਾਈਚਾਰੇ ਨੂੰ ਦੇ ਰਹੀ ਹੈ। ਇਸ ਬਾਰੇ ਮੇਘਾਲਿਆ ਦੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹੈਮਲੈੱਟਸੋਨ ਦੌਹਲਿੰਗ ਨੇ ਪੰਜਾਬ ਸਰਕਾਰ ਨੂੰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਫ਼ੈਸਲਾ ਮਸਲੇ ਨੂੰ ਹੋਰ ਵਿਗਾੜੇਗਾ ਜਦਕਿ ਮੇਘਾਲਿਆ ਸਰਕਾਰ ਸਹਿਮਤੀ ਨਾਲ ਹੱਲ ਦੇ ਯਤਨ ਕਰ ਰਹੀ ਹੈ। ਪੰਜਾਬ ਸਰਕਾਰ ਨੇ ਇਸੇ ਹਫ਼ਤੇ ਦੇ ਸ਼ੁਰੂ ਵਿੱਚ ਇਹ ਰਾਸ਼ੀ ਪ੍ਰਵਾਨ ਕੀਤੀ ਸੀ। ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਾਲੀ ਮਦਦ ਵਿੱਚੋਂ 50 ਲੱਖ ਰੁਪਏ ਖਾਲਸਾ ਮਿਡਲ ਸਕੂਲ ਦੀ ਖ਼ਸਤਾ ਹਾਲ ਇਮਾਰਤ ਲਈ ਰੱਖੇ ਗਏ ਹਨ। ਬਾਕੀ ਰਾਸ਼ੀ ਉਨ੍ਹਾਂ ਸਿੱਖਾਂ ਲਈ ਰੱਖੀ ਗਈ ਹੈ, ਜਿਨ੍ਹਾਂ ਦੀਆਂ ਦੁਕਾਨਾਂ ਤੇ ਟਰੱਕ ਦੰਗਿਆਂ ਦੌਰਾਨ ਨੁਕਸਾਨੇ ਗਏ ਹਨ।

ਦੌਹਲਿੰਗ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਦੀ ਅਗਵਾਈ ਵਿੱਚ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਜੋ ਮਸਲੇ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਸਮੱਸਿਆ ਦੇ ਹੱਲ ਲਈ ਯਤਨ ਕਰ ਰਹੀ ਹੈ। ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਫ਼ੈਸਲਾ ਲੋਕਾਂ ਨੂੰ ਗੁਮਰਾਹ ਕਰਨ ਵਾਲਾ ਹੈ ਕਿਉਂਕਿ ਗੜਬੜੀ ਦੌਰਾਨ ਸਕੂਲ ਜਾਂ ਗੁਰਦੁਆਰੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਪੁਲਿਸ ਦਾ ਸਥਿਤੀ ਉੱਤੇ ਪੂਰਾ ਕਾਬੂ ਹੈ ਤੇ ਪੰਜਾਬੀ ਲੇਨ ਦੇ ਇਸ ਮਸਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਨਰਾਡ ਸੰਗਮਾ ਇਸ ਸਬੰਧੀ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ।