ਅੰਮ੍ਰਿਤਸਰ: ਸ਼ਹਿਰ ਵਿੱਚ ਕਰਫ਼ਿਊ ਦੌਰਾਨ ਪੁਲਿਸ ਵੱਲੋਂ ਬੇਹੱਦ ਸਖ਼ਤਾਈ ਕੀਤੀ ਗਈ ਹੈ। ਇਸ ਦੇ ਚੱਲਦਿਆਂ ਮੰਗਲਵਾਰ ਨੂੰ ਸ਼ਹਿਰ ਵਿੱਚ ਸਿਰਫ਼ ਦੁੱਧ ਦੀ ਸਪਲਾਈ ਨੂੰ ਹੀ ਪ੍ਰਸ਼ਾਸਨ ਵੱਲੋਂ ਬਹਾਲ ਰੱਖਿਆ ਗਿਆ। ਬਾਕੀ ਥਾਵਾਂ ਤੇ ਸਖ਼ਤਾਈ ਦੇਖਣ ਨੂੰ ਮਿਲੀ। ਹਾਲਾਂਕਿ ਪ੍ਰਸ਼ਾਸਨ ਵੱਲੋਂ ਬੀਤੀ ਰਾਤ ਹੁਕਮ ਜਾਰੀ ਕੀਤੇ ਗਏ ਸਨ ਕਿ ਵੇਰਕਾ ਦੀਆਂ ਗੱਡੀਆਂ ਸ਼ਹਿਰ ਵਿੱਚ ਦੁੱਧ ਦੀ ਸਪਲਾਈ ਕਰਨਗੀਆਂ ਪਰ ਸ਼ਹਿਰ ਦੇ ਖੇਤਰ ਕਾਫੀ ਵੱਡੇ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਧੀਆਂ ਨੂੰ ਪਹਿਲਾਂ ਦੀ ਵਾਂਗ ਆਪਣੇ ਆਪਣੇ ਖੇਤਰਾਂ ਵਿੱਚ ਦੁੱਧ ਦੀ ਸਪਲਾਈ ਕਰਨ ਦੀ ਗੈਰ ਲਿਖਤੀ ਇਜਾਜ਼ਤ ਦੇ ਦਿੱਤੀ।


ਇਸ ਦੇ ਚੱਲਦਿਆਂ ਸਾਰੇ ਦੋਧੀਆਂ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਸਪਲਾਈ ਕੀਤੀ ਤੇ ਨਾਕਿਆਂ ਤੋਂ ਵੀ ਦੋਧੀਆਂ ਨੂੰ ਜਾਂਚ ਕਰਨ ਉਪਰੰਤ ਇਹ ਕਹਿ ਕੇ ਜਾਣ ਦਿੱਤਾ ਗਿਆ ਕਿ ਉਹ ਛੇਤੀ ਆਪਣਾ ਕੰਮ ਸਮਾਪਤ ਕਰਕੇ ਘਰਾਂ ਨੂੰ ਪਰਤ ਜਾਣ। ਇਸ ਤੋਂ ਇਲਾਵਾ ਸ਼ਹਿਰ ਵਿੱਚ ਦੁੱਧ ਦੀਆਂ ਡੇਅਰੀਆਂ ਤੇ ਵੇਰਕਾ ਦੇ ਬੂਥ ਵੀ ਖੁੱਲ੍ਹੇ ਸਨ। ਵੇਰਕਾ ਵੱਲੋਂ ਵੀ ਆਪਣੇ ਬੂਥਾਂ ਦੇ ਉੱਪਰ ਹੀ ਦੁੱਧ ਦੀ ਸਪਲਾਈ ਕੀਤੀ ਗਈ ਤੇ ਇਨ੍ਹਾਂ ਬੂਥਾਂ ਤੋਂ ਹੀ ਲੋਕ ਦੁੱਧ ਲੈ ਕੇ ਜਾ ਰਹੇ ਸਨ।

ਅਮਰੀਕਾ ਵੱਲੋਂ ਸਿੱਧਾ ਲੋਕਾਂ ਨੂੰ ਦੁੱਧ ਦੇਣ ਦੀ ਬਜਾਏ ਆਪਣੇ ਬੂਥਾਂ ਰਾਹੀਂ ਹੀ ਦੁੱਧ ਦੀ ਸਪਲਾਈ ਕੀਤੀ ਗਈ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਬਾਕੀ ਦੁਕਾਨਦਾਰਾਂ ਦੇ ਖਿਲਾਫ ਸਖ਼ਤ ਰਵੱਈਆ ਰੱਖਿਆ ਹੋਇਆ ਹੈ ਤੇ ਦੁਕਾਨਾਂ ਖੋਲਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਬੀਤੀ ਰਾਤ ਅੰਮ੍ਰਿਤਸਰ ਦੇ ਕਿਚਲੂ ਚੌਕ ਵਿੱਚ ਇੱਕ ਦੁਕਾਨਦਾਰ ਦੇ ਖਿਲਾਫ਼ ਪੁਲਿਸ ਵੱਲੋਂ ਧਾਰਾ 144 ਦੀ ਉਲੰਘਣਾ ਕਰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।