ਚੰਡੀਗੜ੍ਹ: ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਾਂਗਰਸ ਵਿੱਚ ਛਾਲ ਮਾਰਨ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਵੀ ਜ਼ਾਹਰ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਹਲਕੇ ਦਾ ਵਿਕਾਸ ਕਰਵਾਉਣ ਲਈ ਕਾਂਗਰਸ ਵਿੱਚ ਸ਼ਾਮਲ ਹੋਏ ਹਨ।


ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਬਾਹਰ ਆਏ ਸੰਦੋਆ ਨੂੰ ਜਦ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 'ਆਪ' ਨਾਲ ਕੋਈ ਗਿਲਾ ਸ਼ਿਕਵਾ ਨਹੀਂ ਬਲਕਿ ਉਹ ਆਪਣੇ ਹਲਕੇ ਦੇ ਵਿਕਾਸ ਵਿੱਚ ਵਾਧਾ ਕਰਵਾਉਣ ਲਈ ਹੀ ਕਾਂਗਰਸ ਵਿੱਚ ਸ਼ਾਮਲ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਭਰੋਸੇਯੋਗਤਾ ਪ੍ਰਗਟਾਈ। ਉੱਧਰ, ਕੈਪਟਨ ਨੇ ਵੀ ਸੰਦੋਆ ਦੀ ਆਮਦ ਨੂੰ ਆਮ ਆਦਮੀ ਪਾਰਟੀ ਵਿੱਚ ਵਧਦੀ ਖਿੱਚੋਤਾਣ ਦੱਸਿਆ।

ਇਹ ਵੀ ਪੜ੍ਹੋ- 'ਆਪ' ਦਾ ਇੱਕ ਹੋਰ ਵਿਧਾਇਕ ਬਣਿਆ ਕਾਂਗਰਸੀ, ਵਿਰੋਧੀ ਧਿਰ ਦੀ ਹਾਲਤ ਪਈ ਪਤਲੀ

ਪੱਤਰਕਾਰਾਂ ਨੇ ਜਦ ਉਨ੍ਹਾਂ ਨੂੰ ਪੁੱਛਿਆ ਕਿ ਪਾਰਟੀ ਬਦਲਣ ਮਗਰੋਂ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਕੀ ਜਵਾਬ ਦੇਣਗੇ ਤਾਂ ਉਨ੍ਹਾਂ ਕੋਈ ਪ੍ਰਤੀਕਿਰਿਆ ਨਾ ਦਿੱਤੀ ਤੇ ਚੱਲਦੇ ਬਣੇ। ਜ਼ਿਕਰਯੋਗ ਹੈ ਕਿ ਅਮਰਜੀਤ ਸਿੰਘ ਸੰਦੋਆ ਪਿਛਲੇ ਹਫ਼ਤੇ 'ਆਪ' ਵੱਲੋਂ ਨਾਜਰ ਸਿੰਘ ਮਾਨਸ਼ਾਹੀਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਏਕੇ ਦੇ ਪ੍ਰਗਟਾਵੇ ਵਾਲੀ ਬੈਠਕ ਵਿੱਚ ਵੀ ਦਿਖਾਈ ਦਿੱਤੇ ਸਨ।

ਜ਼ਰੂਰ ਪੜ੍ਹੋ- ਵਿਰੋਧੀ ਧਿਰ ਦੀ ਕੁਰਸੀ 'ਤੇ ਲਟਕੀ ਤਲਵਾਰ ਫਿਰ ਵੀ 'ਆਪ' ਵੱਲੋਂ ਏਕੇ ਦਾ ਇਜ਼ਹਾਰ

ਪੰਜਾਬ ਦੀ ਸਿਆਸੀ 'ਕ੍ਰਾਂਤੀ' ਦੌਰਾਨ ਵੱਡੇ ਲੋਕਾਂ 'ਚੋਂ ਉੱਭਰਿਆ ਇਹ ਆਮ ਚਿਹਰਾ ਰਿਵਾਇਤੀ ਸਿਆਸਤ ਦੇ ਸਮੁੰਦਰ 'ਚ ਸ਼ਾਮਲ ਹੋ ਕੇ ਆਪਣਾ ਤੇ ਹਲਕੇ ਦਾ ਕਿੰਨਾ ਕੁ ਵਿਕਾਸ ਕਰਵਾਉਣ 'ਚ ਸਫਲ ਰਹਿੰਦਾ ਹੈ, ਇਹ ਦੇਖਣ ਲਾਇਕ ਹੋਵੇਗਾ।