ਚੰਡੀਗੜ੍ਹ: ਹਲਕਾ ਰਾਮਪੁਰਾ ਫੂਲ ਤੋਂ ‘ਆਪ’ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੁਲਿਸ ਚੌਕੀ ਦਿਆਲਪੁਰਾ ਭਾਈਕਾ ਦੇ ਏ. ਐੱਸ. ਆਈ. ਜਗਤਾਰ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਫੜ੍ਹਿਆ ਹੈ।ਵਿਧਾਇਕ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਏ. ਐੱਸ. ਆਈ. ਵੱਲੋਂ ਰਿਸ਼ਵਤ ਲੈਣ ਬਾਰੇ ਜਦੋਂ ਸੂਚਨਾ ਮਿਲੀ ਤਾਂ ਉਨ੍ਹਾਂ ਖੁਦ ਪੁਲਸ ਚੌਕੀ ਦਿਆਲਪੁਰਾ ਭਾਈਕਾ ਵਿਖੇ ਜਾ ਕੇ ਉਸ ਕੋਲੋਂ 5 ਹਜ਼ਾਰ ਰੁਪਏ ਬਰਾਮਦ ਕਰ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਨੇ ਇਹ ਪੈਸੇ ਲਾਹਣ ਬਰਾਮਦਗੀ ਦੇ ਇਕ ਮਾਮਲੇ ਵਿਚ ਰਿਸ਼ਵਤ ਵਜੋਂ ਲਏ ਸਨ।
ਵਿਧਾਇਕ ਨੇ ਫੇਸਬੁੱਕ 'ਤੇ ਪੋਸਟ ਸ਼ੇਅਰ ਕਰਕੇ ਲਿਖਿਆ, "ਬਹੁਤ ਦੁੱਖ ਲਗਦਾ ਜਦੋ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਅਫਸਰ ਗਰੀਬਾਂ ਦੀ ਖੂਨ ਪਸੀਨੇ ਦੀ ਕਮਾਈ ਨੋਚਦੇ ਹਨ। ਦਿਆਲਪੁਰਾ ਭਾਈ ਚੌਕੀ ਵਿੱਚ asi ਜਗਤਾਰ ਸਿੰਘ ਰਿਸ਼ਵਤ ਲੈਦਾ ਰੰਗੇ ਹੱਥੂ ਕਾਬੂ ਕੀਤਾ ਗਿਆ। ਇੱਕ ਦੋ ਵਾਰ ਸਿਕਾਇਤ ਮਿਲਣ ਤੇ ਇਹਨਾਂ ਨੂੰ ਪਹਿਲਾਂ ਵੀ ਝਿੜਕਿਆ ਗਿਆ ਸੀ ਇਮਾਨਦਾਰੀ ਨਾਲ ਕੰਮ ਕਰੋ ਪਰ ਇਹਨਾਂ ਨੇ ਇਮਾਨਦਾਰ ਸਰਕਾਰ ਦੇ ਅਦੇਸ਼ਾਂ ਦੀ ਪਾਲਣਾ ਨਹੀ ਕੀਤਾ ਨਤੀਜਾ ਤੁਹਾਡੇ ਸਾਮ੍ਹਣੇ।ਬਲਕਾਰ ਸਿੰਘ ਸਿੱਧੂ ਐਮ ਐਲ ਏ ਹਲਕਾ ਰਾਮਪੁਰਾ ਫੂਲ।"
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਏ. ਐੱਸ. ਆਈ. ਵੱਲੋਂ ਲੋਕਾਂ ਤੋਂ ਰਿਸ਼ਵਤ ਲੈਣ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ। ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਇਸ ਮਸਲੇ ਸਬੰਧੀ ਉੱਚ ਪੁਲਸ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ। ਡੀ. ਐੱਸ. ਪੀ. ਫੂਲ ਆਸ਼ਬੰਤ ਸਿੰਘ ਧਾਲੀਵਾਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿਚ ਉਕਤ ਏ. ਐੱਸ. ਆਈ. ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ