ਚੰਡੀਗੜ੍ਹ: ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵਿਧਾਇਕ ਨਿਰਮਲ ਸਿੰਘ ਦੇ ਹੱਕ ਵਿੱਚ ਖੜ੍ਹਨ ਦੀ ਗੱਲ ਕੀਤੀ ਹੈ। ਉਨ੍ਹਾਂ ਕਾਂਗਰਸ ਵਿਧਾਇਕ ਨਿਰਮਲ ਸਿੰਘ ਨੂੰ ਸ਼ਰੀਫ਼ ਆਦਮੀ ਦੱਸਿਆ ਹੈ। ਉਨ੍ਹਾਂ ਹਰ ਸਮੇਂ ਨਿਰਮਲ ਸਿੰਘ ਦਾ ਸਾਥ ਦੇਣ ਦੀ ਗੱਲ ਕੀਤੀ ਹੈ। ਦੱਸ ਦੇਈਏ ਵਿਧਾਇਕ ਨਿਰਮਲ ਸਿੰਘ ਨੇ ਹਾਲ ਹੀ ਵਿੱਚ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਭੜਾਸ ਕੱਢਦਿਆਂ ਅਫ਼ਸਰਸ਼ਾਹੀ ਨੂੰ ਰਾਹ ਦਾ ਰੋੜਾ ਦੱਸਿਆ ਸੀ।


ਹਰਦਿਆਲ ਸਿੰਘ ਕੰਬੋਜ ਨੇ ਅਫ਼ਸਰਸ਼ਾਹੀ ਖਿਲਾਫ਼ ਨਿਰਮਲ ਸਿੰਘ ਦਾ ਸਾਥ ਦੇਣ ਦੀ ਗੱਲ ਕੀਤੀ। ਹਾਲਾਂਕਿ ਉਨ੍ਹਾਂ ਕੈਪਟਨ ਦਾ ਵੀ ਪੱਖ ਪੂਰਿਆ। ਕੰਬੋਜ ਨੇ ਕਿਹਾ ਕਿ ਉਹ ਲਗਾਤਾਰ ਅਫਸਰਸ਼ਾਹੀ ਖਿਲਾਫ ਆਵਾਜ਼ ਚੁੱਕਣਗੇ ਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਿਰਮਲ ਸਿੰਘ ਦੀਆਂ ਮੰਗਾਂ ਪੂਰੀਆਂ ਹੋ ਚੁੱਕੀਆਂ ਹਨ।


ਨਿਰਮਲ ਸਿੰਘ ਕੈਪਟਨ ਅਮਰਿੰਦਰ ਸਿੰਘ ਖਿਲਾਫ ਧਰਨਾ ਲਾਉਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ, ਪਰ ਕੰਬੋਜ ਨੇ ਬਿਆਨ ਦਿੱਤਾ ਹੈ ਕਿ ਇਸ ਦੀ ਨੌਬਤ ਨਹੀਂ ਆਏਗੀ। ਘਨੌਰ, ਸਮਾਣਾ, ਸ਼ੁਤਰਾਣਾ ਤੇ ਰਾਜਪੁਰਾ ਦੇ ਵਿਧਾਇਕ ਨੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ ਵਿੱਚ ਆਵਾਜ਼ ਚੁੱਕੀ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋਇਆ ਸੀ।


ਕੰਬੋਜ ਨੇ ਨਿਰਮਲ ਸਿੰਘ ਨੂੰ ਇੱਕ ਸ਼ਰੀਫ ਆਦਮੀ ਦੱਸਿਆ ਤੇ ਕਿਹਾ ਕਿ ਸ਼ਰੀਫ ਬੰਦੇ ਦੀ ਆਵਾਜ਼ ਕੈਪਟਨ ਤੱਕ ਨਹੀਂ ਪਹੁੰਚੀ। ਹਾਲਾਂਕਿ ਨਿਰਮਲ ਸਿੰਘ ਦੀਆਂ ਬਹੁਤੀਆਂ ਸ਼ਿਕਾਇਤਾਂ ਨੂੰ ਸਹੀ ਦੱਸ਼ਦੇ ਕੰਬੋਜ ਨੇ ਸਾਥ ਦੇਣ ਲਈ ਕਿਹਾ ਪਰ ਸਰਕਾਰ ਖਿਲਾਫ਼ ਨਹੀਂ ਬੋਲੇ। ਕੰਬੋਜ ਨੇ ਕਿਹਾ ਕਿ ਅਫ਼ਸਰਸ਼ਾਹੀ ਤੋਂ ਸਾਰਾ ਪੰਜਾਬ ਤੰਗ ਹੈ ਪਰ ਸਾਰੇ ਵਿਧਾਇਕ ਅਫ਼ਸਰਸ਼ਾਹੀ ਰਾਜ ਦੇ ਖਿਲਾਫ ਡੱਟ ਕੇ ਖੜ੍ਹੇ ਹਨ।


ਕੰਬੋਜ ਨੇ ਕਿਹਾ ਸੁਨੀਲ ਜਾਖੜ ਨੇ ਭਰੋਸਾ ਦਿੱਤਾ ਹੈ ਕਿ ਇਹ ਮੁੱਦਾ ਚੁੱਕਿਆ ਜਾਵੇਗਾ ਤੇ ਹੱਲ ਵੀ ਕੀਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਅਫਸਰਸ਼ਾਹੀ ਦਾ ਰਾਜ ਨਹੀਂ ਟੁੱਟਿਆ ਤਾਂ ਉਹ ਮੁੜ ਆਵਾਜ਼ ਚੁੱਕਣਗੇ। ਨਿਰਮਲ ਸਿੰਘ ਦਾ ਕੰਬੋਜ ਨੇ ਹਰ ਜਗ੍ਹਾ 'ਤੇ ਸਾਥ ਦੇਣ ਦੀ ਗੱਲ ਕੀਤੀ ਤੇ ਕਿਹਾ ਅਸੀਂ ਚਾਰੋ ਵਿਧਾਇਕ ਇਕਜੁੱਟ ਹਾਂ ਤੇ ਡਟ ਕੇ ਇੱਕ ਦੂਸਰੇ ਨਾਲ ਖੜ੍ਹੇ ਹਾਂ।