ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਿਰੁੱਧ ਆਏ ਸੀ.ਬੀ.ਆਈ. ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਬੰਦ ਕੀਤੀਆਂ ਇੰਟਰਨੈੱਟ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ। ਡੇਰਾ ਮੁਖੀ ਦੀ ਸੁਣਵਾਈ ਸਮੇਂ ਅਫਵਾਹਾਂ ਫੈਲਣ ਦਾ ਖ਼ਦਸ਼ਾ ਸੀ, ਇਸ ਲਈ ਪ੍ਰਸ਼ਾਸਨ ਇੰਟਰਨੈੱਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ।

ਇਹ ਰੋਕ ਸਿਰਫ ਮੋਬਾਈਲ ਡੇਟਾ ਯਾਨੀ ਕਿ ਮੋਬਾਈਲ ਫ਼ੋਨ ਰਾਹੀਂ ਇੰਟਰਨੈੱਟ ਵਰਤਣ 'ਤੇ ਹੀ ਲਗਾਈ ਗਈ ਸੀ। ਬਾਕੀ ਤਾਰ ਵਾਲਾ ਇੰਟਰਨੈੱਟ ਜਾਂ ਬ੍ਰਾਡਬੈਂਡ ਆਮ ਵਾਂਗ ਹੀ ਜਾਰੀ ਸਨ।

ਪਹਿਲਾਂ ਇਹ ਰੋਕ ਡੇਰਾ ਮੁਖੀ ਦੀ ਪੇਸ਼ੀ ਵਾਲੇ ਦਿਨ ਤੇ ਅਗਲੇ ਦਿਨ ਯਾਨੀ 25 ਤੇ 26 ਅਗਸਤ ਤਕ ਹੀ ਲਗਾਈ ਗਈ ਸੀ, ਪਰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਸੇਵਾਵਾਂ 'ਤੇ ਲੱਗੀ ਰੋਕ ਅੱਜ ਮੰਗਲਵਾਰ ਤਕ ਵਧਾ ਦਿੱਤੀ ਸੀ। ਪਰ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮੋਬਾਈਲ ਇੰਟਰਨੈੱਟ ਐਤਵਾਰ ਦੇਰ ਰਾਤ ਤੋਂ ਹੀ ਚਾਲੂ ਕਰ ਦਿੱਤਾ ਗਿਆ ਸੀ।

ਦੱਸਣਾ ਬਣਦਾ ਹੈ ਕਿ ਡੇਰਾ ਮੁਖੀ ਨੂੰ ਅਦਾਲਤ ਵੱਲੋਂ ਬਲਾਤਕਾਰੀ ਐਲਾਨ ਦਿੱਤੇ ਜਾਣ ਤੋਂ ਬਾਅਦ ਹਰਿਆਣਾ ਤੇ ਪੰਜਾਬ ਦਾ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਸੀ। ਪ੍ਰਸ਼ਾਸਨ ਇਸ ਸਮੇਂ ਕਿਸੇ ਕਿਸਮ ਦੀ ਅਫਵਾਹ ਫੈਲਣ ਤੋਂ ਰੋਕਣਾ ਚਾਹੁੰਦਾ ਸੀ ਤਾਕਿ ਡੇਰਾ ਸਮਰਥਕ ਭੜਕ ਨਾ ਜਾਣ।

ਅੱਜ ਇੰਟਰਨੈੱਟ ਸ਼ੁਰੂ ਹੁੰਦਿਆਂ ਹੀ ਬਲਾਤਕਾਰ ਦੇ ਵੱਖੋ-ਵੱਖੋ ਮਾਮਲਿਆਂ ਵਿੱਚ ਸਜ਼ਾਯਾਫਤਾ ਰਾਮ ਰਹੀਮ ਤੇ ਆਸਾਰਾਮ ਬਾਰੇ ਫ਼ੋਟੋਆਂ ਤੇ ਵੀਡੀਓਜ਼ ਨਾਲ ਟ੍ਰੋਲਿੰਗ ਸ਼ੁਰੂ ਹੋ ਗਈ ਹੈ।