ਅੰਮ੍ਰਿਤਸਰ: ‘ਹਾਰਟ ਆਫ ਏਸ਼ੀਆ ਕਾਨਫਰੰਸ’ ਦੇ ਦੂਜਾ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਨਾ ਨਾਮ ਲਏ ਪਾਕਿਸਤਾਨ ਉਤੇ ਤਿੱਖਾ ਸ਼ਬਦੀ ਹਮਲਾ ਕੀਤਾ। ਪ੍ਰਧਾਨ ਮੰਤਰੀ ਨੇ ਆਖਿਆ ਕਿ ਉਹ ਲੋਕ ਕੌਣ ਹਨ ਜੋ ਅਫਗਾਨਿਸਤਾਨ ਤੇ ਇਸ ਦੇ ਆਸਪਾਸ ਦੇ ਖੇਤਰ ਵਿੱਚ ਗੜਬੜੀ ਕਰਨ ਲੱਗੇ ਹੋਏ ਹਨ।
ਉਨ੍ਹਾਂ ਆਖਿਆ ਕਿ ਦਹਿਸ਼ਤਵਾਦ ਦੇ ਅਜਿਹੇ ਮੱਦਦਗਾਰਾਂ ਦੀ ਪਛਾਣ ਹੋਣੀ ਚਾਹੀਦੀ ਹੈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੰਗਰੇਜ਼ੀ ਵਿੱਚ ਦਿੱਤੇ ਆਪਣੇ ਭਾਸ਼ਣ ਦੌਰਾਨ ਉਨਾਂ ਆਖਿਆ ਕਿ ਦਹਿਸ਼ਤਵਾਦ ਦੇ ਖਿਲਾਫ ਸਾਨੂੰ ਮਿਲਕੇ ਇੱਛਾ ਸ਼ਕਤੀ ਦਿਖਾਉਣੀ ਹੋਵੇਗੀ। ਪ੍ਰਧਾਨ ਮੰਤਰੀ ਨੇ ਆਖਿਆ ਕਿ ਸਾਡੀ ਕੋਸ਼ਿਸ ਤੇ ਐਕਸ਼ਨ ਅਫਗਾਨਿਸਤਾਨ ਵਿੱਚ ਸੁਰੱਖਿਆ ਨੂੰ ਵਧਾਉਣਾ ਹੈ।
ਇਸ ਦੇ ਸਾਹਮਣੇ ਜੋ ਵੀ ਚੁਨੌਤੀਆਂ ਹਨ। ਸਾਨੂੰ ਮਿਲਕੇ ਉਸ ਨਾਲ ਨਿੱਜਠਣਾ ਹੋਵੇਗਾ। ਉਨ੍ਹਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਅਫਗਾਨਿਸਤਾਨ ਤੇ ਦੂਜੇ ਦੇਸ਼ਾਂ ਨਾਲ ਸਹਿਯੋਗ ਵਧਾਉਣ ਦੇ ਲਈ ਕੰਮ ਕਰਨਾ ਹੋਵੇਗਾ। ਭਾਰਤ-ਅਫਗਾਨਿਸਤਾਨ ਦੇ ਸਬੰਧਾਂ ਉਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਸਾਡੇ ਅਫਗਾਨਿਸਤਾਨ ਦੇ ਨਾਲ ਬਹੁਤ ਚੰਗੇ ਸਬੰਧ ਹਨ। ਇਸ ਖਿੱਤੇ ਵਿੱਚ ਸ਼ਾਂਤੀ ਤੇ ਸਥਿਰਤਾ ਸਾਡੇ ਪੂਰੇ ਖੇਤਰ ਲਈ ਬਹੁਤ ਅਹਿਮ ਹਨ।
ਪ੍ਰਧਾਨ ਮੰਤਰੀ ਨੇ ਆਖਿਆ ਕਿ ਅਫਗਾਨਿਸਤਾਨ ਵਿੱਚ ਸ਼ਾਂਤੀ ਤੇ ਵਿਕਾਸ ਦੇ ਲਈ ਅੰਤਰਰਾਸ਼ਟਰੀ ਭਾਈਚਾਰੇ ਦਾ ਵਿਸ਼ੇਸ ਯੋਗਦਾਨ ਜ਼ਰੂਰੀ ਹੈ। ਅਫਗਾਨਿਸਤਾਨ ਅਤੇ ਉਥੇ ਦੇ ਲੋਕਾਂ ਦੀ ਭਲਾਈ ਦੇ ਲਈ ਭਾਰਤ ਹਮੇਸਾ ਉਨ੍ਹਾਂ ਦੇ ਨਾਲ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਵਿਚਕਾਰ ਦੁਵੱਲੇ ਸਬੰਧਾਂ ਲਈ ਮੁਲਾਕਾਤ ਹੋਈ। ਇਸ ਮੁਲਾਕਾਤ ਵਿੱਚ ਦੋਹਾਂ ਦੇਸ਼ਾਂ ਦੇ ਵਿਚਕਾਰ ਸੁਰੱਖਿਆ, ਸਥਿਰਤਾ ਤੋਂ ਇਲਾਵਾ ਵਪਾਰ ਦੇ ਮੁੱਦੇ ਉਤੇ ਚਰਚਾ ਹੋਈ।