ਚੰਡੀਗੜ੍ਹ: ਭਾਰਤ ਸਰਕਾਰ ਨੇ ਵਿਦਸ਼ੀ 314 ਸਿੱਖਾਂ ਦੀ ਕਾਲੀ ਸੂਚੀ ਦੀ ਪੜਚੋਲ ਕਰਦਿਆਂ ਇਸ ਵਿੱਚੋਂ 312 ਨਾਂ ਹਟਾ ਦਿੱਤੇ ਹਨ। ਇਹ ਸਿੱਖ ਹੁਣ ਭਾਰਤ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਦੇ ਹਨ। ਕੇਂਦਰ ਸਰਕਾਰ ਨੇ ਵੱਖ-ਵੱਖ ਏਜੰਸੀਆਂ ਦੀ ਰਿਪੋਰਟ ਤੋਂ ਬਾਅਦ ਇਹ ਨਾਂ ਹਟਾਏ ਹਨ।


ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਫੀ ਸਮੇਂ ਤੋਂ ਕੇਂਦਰ ਸਰਕਾਰ ਕੋਲ ਇਹ ਮੰਗ ਉਠਾਈ ਜਾ ਰਹੀ ਸੀ। ਇਨ੍ਹਾਂ ਸਿੱਖਾਂ 'ਤੇ ਅੱਸੀ ਦੇ ਦੌਰ ਵਿੱਚ ਅੱਤਵਾਦੀ ਸਰਗਰਮੀਆਂ ਕਰਕੇ ਭਾਰਤ ਵਿੱਚ ਆਉਣ 'ਤੇ ਰੋਕ ਲਾ ਦਿੱਤੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਕਾਲੀ ਸੂਚੀ ਜਾਰੀ ਕੀਤੀ ਸੀ। ਇਸ ਸੂਚੀ ਵਿੱਚੋਂ ਕਈ ਵਾਰ ਨਾਂ ਹਟਾਏ ਗਏ ਹਨ।

ਸਿੱਖਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਸ ਵੇਲੇ ਏਜੰਸੀਆਂ ਨੇ ਬਹੁਤ ਸਾਰੇ ਸਿੱਖਾਂ ਦੇ ਨਾਂ ਇਸ ਸੂਚੀ ਵਿੱਚ ਪਾ ਦਿੱਤੇ ਸੀ। ਹੁਣ ਉਹ ਸਿੱਖ ਸ਼ਾਂਤਮਈ ਜੀਵਨ ਜੀਅ ਰਹੇ ਹਨ। ਉਹ ਆਪਣੇ ਵਤਨ ਆਪਸ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਚਾਹੁੰਦੇ ਹਨ ਪਰ ਇਸ ਸੂਚੀ ਕਰਕੇ ਉਨ੍ਹਾਂ ਅਸਹਿ ਪੀੜ ਸਹਿ ਰਹੇ ਹਨ। ਇਸ ਮਗਰੋਂ ਭਾਰਤ ਸਰਕਾਰ ਲਗਾਤਾਰ ਇਸ ਸੂਚੀ ਦੀ ਪੜਚੋਲ ਕਰਕੇ ਇਸ ਵਿੱਚ ਨਾਂ ਹਟਾਉਂਦੀ ਆ ਰਹੀ ਹੈ। ਪਿਛਲੀ ਕਾਂਗਰਸ ਸਰਕਾਰ ਨੇ ਵੀ ਇਸ ਵਿੱਚੋਂ ਕਾਫੀ ਨਾਂ ਹਟਾਏ ਸੀ।