ਨਵੀਂ ਦਿੱਲੀ: ਸ਼ਨੀਵਾਰ ਨੂੰ 'ਹਾਰਟ ਆਫ ਏਸ਼ੀਆ' ਸੰਮੇਲਨ ਲਈ ਅੰਮ੍ਰਿਤਸਰ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਲੰਗਰ ਵਿੱਚ ਜਾਣਾ ਤੇ ਹੈਰੀਟੇਜ਼ ਵਾਕ ਕਰਨਾ ਪਹਿਲਾਂ ਤੋਂ ਤੈਅ ਨਹੀਂ ਸੀ। ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾਂ ਮੁਤਾਬਕ ਮੋਦੀ ਪਹਿਲਾਂ ਸਿਰਫ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸਨ ਪਰ ਉੱਥੇ ਪਹੁੰਚਦੇ ਹੀ ਉਨ੍ਹਾਂ ਨੇ ਅਚਾਨਕ ਹੈਰੀਟੇਜ਼ ਵਾਕ ਕਰਨ ਤੇ ਲੰਗਰ ਵਿੱਚ ਜਾਣ ਦਾ ਮਨ ਬਣਾ ਲਿਆ। ਸੂਤਰਾਂ ਮੁਤਾਬਕ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਾਣਕਾਰੀ ਨਹੀਂ ਸੀ। ਮੋਦੀ ਦੇ ਮਨ ਵਿੱਚ ਵਿਚਾਰ ਅਚਾਨਕ ਆਇਆ ਸੀ। ਇਸ ਲਈ ਨਾ ਸਿਰਫ ਸੁਰੱਖਿਆ ਕਰਮੀਆਂ ਨੂੰ ਪ੍ਰੇਸ਼ਾਨੀ ਹੋਈ ਬਲਕਿ ਉਨ੍ਹਾਂ ਨਾਲ ਮੌਜ਼ੂਦ ਲੋਕਾਂ ਨੂੰ ਵੀ ਹੈਰਾਨੀ ਹੋਈ। ਸ਼ਨੀਵਾਰ ਮੋਦੀ ਨੇ ਸੰਗਤਾਂ ਨੂੰ ਲੰਗਰ ਵਰਤਾਇਆ ਸੀ।