ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਪੰਚਾਇਤਾਂ ਨਾਲ ਸਿੱਧਾ ਰਾਬਤਾ ਕੀਤਾ ਹੈ। ਹਰੇਕ ਪਿੰਡ ਦੇ ਮੁੱਖੀ ਨੂੰ ਚਿੱਠੀ ਲਿਖ ਕੇ ਪਾਣੀ ਬਚਾਉਣ ਦੀ ਅਪੀਲ ਕੀਤੀ ਹੈ। ਮੋਦੀ ਪੰਚਾਇਤਾਂ ਨੂੰ ਪਾਣੀ ਬਚਾਉਣ ਲਈ ਲੋਕ ਲਹਿਰ ਉਸਾਰਨ ਲਈ ਕਿਹਾ ਹੈ। ਸਰਪੰਚਾਂ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਅਪੀਲ ਕੀਤੀ ਹੈ ਕਿ ਉਹ ਆਪਣੇ ਇਲਾਕੇ ਵਿੱਚ ਤਲਾਅ ਬਣਾਉਣ ਜਾਂ ਉਨ੍ਹਾਂ ਦੀ ਮੁਰੰਮਤ ਕਰਕੇ ਪਾਣੀ ਬਚਾਉਣ।


ਉਨ੍ਹਾਂ ਕਿਹਾ, ‘‘ਮੌਨਸੂਨ ਆਉਣ ਵਾਲਾ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਰੱਬ ਨੇ ਸਾਡੇ ਮੁਲਕ ਨੂੰ ਲੋੜੀਂਦਾ ਬਰਸਾਤੀ ਪਾਣੀ ਦਿੱਤਾ ਹੈ ਪਰ ਇਹ ਸਾਡਾ ਫਰਜ਼ ਹੈ ਕਿ ਅਸੀਂ ਇਸ ਕੁਦਰਤੀ ਤੋਹਫੇ ਨੂੰ ਬਚਾ ਕੇ ਰੱਖੀਏ। ਛੇਤੀ ਹੀ ਮੌਨਸੂਨ ਆ ਜਾਵੇਗਾ, ਸਾਨੂੰ ਜਿੰਨਾ ਹੋ ਸਕੇ ਬਰਸਾਤੀ ਪਾਣੀ ਦੇ ਬਚਾਅ ਲਈ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ।’’

ਉਨ੍ਹਾਂ ਇਹ ਚਿੱਠੀ ਬੀਤੇ ਹਫ਼ਤੇ ਲਿਖੀ ਸੀ। ਉਨ੍ਹਾਂ ਨਦੀਆਂ ’ਤੇ ਬੰਨ੍ਹ, ਮਿਲ ਕੇ ਚੈੱਕ ਡੈਮ ਬਣਾਉਣ ਤੇ ਬੰਨ੍ਹ ਦਾ ਪਾਣੀ ਸਟੋਰ ਕਰਨ ਲਈ ਤਲਾਬਾਂ ਦੀ ਸਫਾਈ ਕਰਨ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਚਿੱਠੀ ਵਿੱਚ ਲਿਖਿਆ ਹੈ ,‘‘ਜੇ ਅਸੀਂ ਇਹ ਕਰ ਲੈਂਦਾ ਹਾਂ, ਤਾਂ ਨਾ ਸਿਰਫ ਫਸਲ ਦੀ ਪੈਦਾਵਾਰ ਵਧੇਗੀ, ਸਗੋਂ ਸਾਡੇ ਕੋਲ ਵੱਡੀ ਮਿਕਦਾਰ ਵਿੱਚ ਪਾਣੀ ਜਮ੍ਹਾਂ ਹੋ ਜਾਵੇਗਾ, ਜਿਸ ਦਾ ਅਸੀਂ ਕਈ ਕੰਮਾਂ ਲਈ ਇਸਤੇਮਾਲ ਕਰ ਸਕਾਂਗੇ।’’

ਉਨ੍ਹਾਂ ਸਰਪੰਚਾਂ ਨੂੰ ਕਿਹਾ ਹੈ ਕਿ ਉਹ ਮੀਟਿੰਗ ਬੁਲਾਉਣ ਤੇ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਚਿੱਠੀ ਪੜ੍ਹ ਕੇ ਸੁਣਾਉਣ। ਉਨ੍ਹਾਂ ਕਿਹਾ, ‘‘ਜਿਸ ਤਰ੍ਹਾਂ ਤੁਸੀਂ ਸਵੱਛਤਾ ਨੂੰ ਲੋਕ ਲਹਿਰ ਬਣਾ ਕੇ ਸਫਲ ਕੀਤਾ। ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਪਾਣੀ ਬਚਾਓ ਮੁਹਿੰਮ ਦੀ ਅਗਵਾਈ ਕਰੋ ਅਤੇ ਇਸ ਨੂੰ ਵੀ ਲੋਕ ਲਹਿਰ ਬਣਾਓ।’’ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਨਾਮੁਮਕਿਨ ਨੂੰ ਮੁਮਕਿਨ ਬਣਾਉਣ ਤੇ ਨਵਾਂ ਭਾਰਤ ਬਣਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।