ਚੰਡੀਗੜ੍ਹ/ਮੋਗਾ: ਪੰਜਾਬ ਦੇ ਮੋਗਾ 'ਚ ਇੱਕ ਸਟੇਡੀਅਮ ਵਿੱਚ ਖੇਡਣ ਗਈ ਇੱਕ ਖਿਡਾਰਨ ਨਾਲ ਬਲਾਤਕਾਰ ਅਤੇ ਕੁੱਟਮਾਰ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਨੌਜਵਾਨਾਂ ਨੇ ਖਿਡਾਰਨ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ 'ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਖਿਡਾਰਨ ਨਾਲ ਜ਼ਬਰਦਸਤੀ ਵੀ ਕੀਤੀ ਪਰ ਉਸ ਨੇ ਤਿੰਨਾਂ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ।


ਮੁਲਜ਼ਮਾਂ ਨੇ ਖਿਡਾਰਨ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਛੱਤ ਤੋਂ ਧੱਕਾ ਦੇ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਖਿਡਾਰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ। ਡਾਕਟਰਾਂ ਮੁਤਾਬਕ ਖਿਡਾਰਨ ਅਜੇ ਬੋਲਣ ਦੀ ਹਾਲਤ ਵਿੱਚ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਦੋਵੇਂ ਲੱਤਾਂ ਅਤੇ ਜਬਾੜਾ ਟੁੱਟ ਗਿਆ ਹੈ।


ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਟਿਊਸ਼ਨ ਤੋਂ ਵਾਪਿਸ ਆਈ ਸੀ। ਇਸ ਤੋਂ ਬਾਅਦ ਉਹ ਸਟੇਡੀਅਮ 'ਚ ਖੇਡਣ ਗਈ ਤਾਂ ਉਥੇ ਉਸ ਦੀ ਪਛਾਣ ਦਾ ਇਕ ਨੌਜਵਾਨ ਆਇਆ, ਜੋ ਉਸ ਨੂੰ ਗੱਲਾਂ 'ਚ ਉਲਝਾ ਕੇ ਸਟੇਡੀਅਮ ਦੀ ਛੱਤ 'ਤੇ ਲੈ ਗਿਆ। ਛੱਤ 'ਤੇ ਪਹਿਲਾਂ ਹੀ ਦੋ ਨੌਜਵਾਨ ਬੈਠੇ ਸਨ। ਤਿੰਨ ਬਦਮਾਸ਼ਾਂ ਨੇ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ 'ਤੇ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਤਿੰਨਾਂ ਨੌਜਵਾਨਾਂ ਨਾਲ ਇਕੱਲਿਆਂ ਹੀ ਲੜੀ। ਇਸ 'ਚ ਇਕ ਨੌਜਵਾਨ ਨੇ ਮੌਕਾ ਦੇਖ ਕੇ ਉਸ ਨੂੰ ਸਟੇਡੀਅਮ ਦੀ ਛੱਤ ਤੋਂ ਧੱਕਾ ਦੇ ਦਿੱਤਾ। ਦੂਜੇ ਖਿਡਾਰੀਆਂ ਨੇ ਉਸ ਨੂੰ ਦੇਖਿਆ ਅਤੇ ਰਿਸ਼ਤੇਦਾਰਾਂ ਅਤੇ ਐਂਬੂਲੈਂਸ ਨੂੰ ਬੁਲਾਇਆ।


ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸਦਰ ਮੋਗਾ ਦੇ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਜ਼ਖਮੀ ਨੂੰ ਲੁਧਿਆਣਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮੋਗਾ ਦੇ ਐਸਐਸਪੀ ਗੁਲਨੀਤ ਖੁਰਾਣਾ ਦਾ ਕਹਿਣਾ ਹੈ ਕਿ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ 307 (ਕਤਲ ਦੀ ਕੋਸ਼ਿਸ਼) ਅਤੇ 376 (ਬਲਾਤਕਾਰ) ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਲੱਗੀ ਹੋਈ ਹੈ।