ਮੋਗਾ: ਸਥਾਨਕ ਪੁਲਿਸ ਨੇ ਲਗਜ਼ਰੀ ਗੱਡੀਆਂ ਖੋਹਣ ਵਾਲੇ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤਕ ਉਨ੍ਹਾਂ ਫਾਰਚੂਨਰ, ਕਰੇਟਾ ਤੇ ਬਰੀਜ਼ਾ ਵਰਗੀਆਂ ਮਹਿੰਗੀਆਂ ਗੱਡੀਆਂ ਲੁੱਟੀਆਂ ਹਨ। ਮੁਲਜ਼ਮਾਂ ਕੋਲੋਂ ਪੁਲਿਸ ਨੇ 3 ਲਗਜ਼ਰੀ ਗੱਡੀਆਂ, 3 ਪਿਸਤੌਲ, ਦੇਸੀ ਕੱਟੇ ਤੇ 11 ਰੌਂਦ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਗੁਲਨੀਤ ਖੁਰਾਣਾ ਨੇ ਦੱਸਿਆ ਕਿ ਸੀਆਈਆਈ ਸਟਾਫ ਦੇ ਮੁਖੀ ਕਿੱਕਰ ਸਿੰਘ ਦੀ ਅਗਵਾਈ ਵਿੱਚ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀ। ਇਸ ਸਬੰਧੀ ਜਾਂਚ ਕਰਨ ਲਈ ਹਰਮੰਦਰ ਸਿੰਘ ਵਾਸੀ ਮਸਤੇਵਾਲਾ ਨੂੰ ਹੈਰੋਇਨ ਦੇ ਕੇਸ ਸਬੰਧੀ ਕਪੂਰਥਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਤੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ।

ਇਸ ਦੌਰਾਨ ਉਸ ਨੇ ਮੰਨਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ 24 ਜੁਲਾਈ ਨੂੰ ਕਰੀਬ ਰਾਤ 10 ਵਜੇ ਆਪਣੀ ਸਕਾਰਪੀਓ ਗੱਡੀ XUV ਵਿੱਚ ਮਾਰੀ ਤੇ ਹਥਿਆਰ ਦੀ ਨੋਕ ’ਤੇ ਗੱਡੀ ਲੁੱਟ ਲਈ। ਇਸੇ ਤਰ੍ਹਾਂ ਹਮੇਸ਼ਾ ਉਹ ਰਾਤ ਦੇ ਹਨ੍ਹੇਰੇ ਵਿੱਚ ਪਿਸਤੌਲ ਦੀ ਨੋਕ ’ਤੇ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ।