ਚੰਡੀਗੜ੍ਹ: ਪੰਜਾਬ ਪੁਲਿਸ ਨੇ ਮੁਹਾਲੀ ਹਮਲੇ ਦੇ ਮਾਮਲੇ 'ਚ ਇੱਕ ਸ਼ਖਸ ਨੂੰ ਰਿਰਾਸਤ ਵਿੱਚ ਵਿੱਚ ਲਿਆ ਹੈ। ਪੁਲਿਸ ਇਸ ਤੋਂ ਪੁੱਛਗਿੱਛ ਕਰ ਰਹੀ ਹੈ। ਇਹ ਨੌਜਵਾਨ ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਦਾ ਰਹਿਣ ਵਾਲਾ ਹੈ। ਨਿਸ਼ਾਨ ਸਿੰਘ ਨਾਂ ਦੇ ਇਸ ਸ਼ਖਸ ਦਾ ਪਿੰਡ ਸਰਹੱਦੀ ਖੇਤਰ ਦੇ ਨੇੜੇ ਹੈ। ਨਿਸ਼ਾਨ ਉੱਪਰ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਹ ਕਈ ਕੇਸਾਂ ਵਿੱਚ ਗ੍ਰਿਫਤਾਰ ਵੀ ਹੋ ਚੁੱਕਾ ਹੈ।ਪੁਲਿਸ ਨੇ ਇਸ ਹਮਲੇ 'ਚ ਇਸਤਮਾਲ ਕੀਤਾ ਗਿਆ ਲਾਂਚਰ ਵੀ ਬਰਾਮਦ ਕਰ ਲਿਆ ਹੈ। 


ਨਿਸ਼ਾਨ ਸਿੰਘ ਦੇ ਭਤੀਜੇ ਮਹਾਵੀਰ ਨੇ ਦੱਸਿਆ ਕਿ ਉਸ ਦੇ ਚਾਚਾ ਨਿਸ਼ਾਨ ਸਿੰਘ ਨੂੰ ਪੁਲਿਸ ਆਪਣੇ ਨਾਲ ਲੈ ਕੇ ਗਈ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ। ਪੁਲਿਸ ਫਰੀਦਕੋਟ ਤੋਂ ਆਈ ਸੀ। ਪਹਿਲਾਂ ਵੀ ਨਿਸ਼ਾਨ ਸਿੰਘ ਤੇ ਪਰਚੇ ਦਰਜ ਹਨ ਤੇ ਪਿਛਲੇ 3 ਸਾਲ ਤੋਂ ਜੇਲ੍ਹ ਵਿੱਚ ਸੀ। ਹੁਣ ਕੁਝ ਦੇਰ ਪਹਿਲਾਂ ਹੀ ਨਿਸ਼ਾਨ ਜੇਲ੍ਹ ਤੋਂ ਬਾਹਰ ਆਇਆ ਸੀ।


ਪੰਜਾਬ ਦੇ ਮੁਹਾਲੀ ਸਥਿਤ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਹੋਏ ਹਮਲੇ 'ਚ ਪੰਜਾਬ ਪੁਲਿਸ ਨੇ ਕਈ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਸਕੈਨਿੰਗ ਵਿੱਚ ਲੱਗੀ ਹੋਈ ਹੈ। ਬੀਤੇ ਦਿਨ NIA, IB ਤੇ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਗੈਰ ਰਸਮੀ ਤੌਰ 'ਤੇ ਘਟਨਾ ਸਥਾਨ ਦਾ ਦੌਰਾ ਕੀਤਾ। ਅੱਤਵਾਦ ਵਿਰੋਧੀ ਮਾਹਰ ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਰਾਜ ਦੇ ਪੁਲਿਸ ਦਫ਼ਤਰ 'ਤੇ ਹਮਲੇ ਲਈ RPG ਦੀ ਵਰਤੋਂ ਕੀਤੀ ਗਈ ਹੋਵੇ। ਇੰਟੈਲੀਜੈਂਸ ਵਿੰਗ ਦਾ ਦਫ਼ਤਰ ਫਿਲਹਾਲ ਖੁੱਲ੍ਹਾ ਹੈ ਪਰ ਸਟਾਫ ਲਈ ਦਾਖਲਾ ਸੀਮਤ ਹੈ।

ਪੁਲਿਸ ਇਸ ਧਮਾਕੇ ਵਿੱਚ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਉਰਫ਼ ਰਿੰਦਾ ਦੀ ਭੂਮਿਕਾ ਦੀ ਜਾਂਚ ਵੀ ਕਰ ਰਹੀ ਹੈ। ਰਿੰਦਾ ਪਾਕਿਸਤਾਨ ਵਿੱਚ ਮੌਜੂਦ ਹੈ। ਉਹ ਫਿਰੋਜ਼ਪੁਰ ਤੋਂ ਤੇਲੰਗਾਨਾ ਹਥਿਆਰਾਂ ਦੀ ਤਸਕਰੀ ਦੇ ਕੇਸ ਤੋਂ ਇਲਾਵਾ ਨਵਾਂਸ਼ਹਿਰ ਪੁਲਿਸ CIA ਦਫ਼ਤਰ ਬਲਾਸਟ ਵਿੱਚ ਵੀ ਲੋੜੀਂਦਾ ਹੈ।

ਇੱਕ ਅਧਿਕਾਰੀ ਨੇ ਮੀਡੀਆ ਨੂੰ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਇਸ ਵਾਰ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ। ਇਹ ਚਿੰਤਾਜਨਕ ਹੈ ਕਿ ਅੱਤਵਾਦੀ ਸਮੂਹ ਅਜਿਹੇ ਕੰਮ ਕਰਨ ਲਈ ਪੈਸੇ ਦੀ ਪੇਸ਼ਕਸ਼ ਕਰਕੇ ਨੌਜਵਾਨਾਂ ਨੂੰ ਆਸਾਨੀ ਨਾਲ ਭਰਤੀ ਕਰ ਰਹੇ ਹਨ।