ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਇੱਕ ਅਹਿਮ ਕਦਮ ਚੁੱਕ ਰਹੇ ਹਨ। ਸੀਐਮ ਮਾਨ ਅੱਜ ਸਵੇਰੇ 11:00 ਵਜੇ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡਣਗੇ। ਸਰਕਾਰੀ ਸੂਤਰਾਂ ਮੁਤਾਬਕ ਕਈ ਵਿਭਾਗਾਂ ਦੀਆਂ ਅਸਾਮੀਆਂ 'ਤੇ ਨੌਜਵਾਨਾਂ ਦੀ ਨਿਯੁਕਤੀ ਕਰਦਿਆਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। 


ਇਸ ਦੇ ਨਾਲ ਹੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਸੀਮਾ ਨਾਲ ਮੁਲਾਕਾਤ ਕਰਨਗੇ। ਇਸ ਮੀਟਿੰਗ ਦੌਰਾਨ ਬਜਟ 'ਤੇ ਚਰਚਾ ਹੋਵੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਨੂੰ ਲੈ ਕੇ ਪੂਰੇ ਸੂਬੇ ਦੇ ਦੌਰੇ 'ਤੇ ਸਨ। ਉਹ ਵੱਖ-ਵੱਖ ਵਰਗਾਂ ਦੀ ਰਾਏ ਲੈ ਰਹੇ ਸੀ। ਅੱਜ ਉਹ ਸੀਐਮ ਭਗਵੰਤ ਮਾਨ ਨਾਲ ਜਨਤਕ ਫੀਡਬੈਕ ਸਾਂਝੀ ਕਰਨਗੇ। ਇਸ ਮੀਟਿੰਗ ਵਿੱਚ ਮੁੱਖ ਸਕੱਤਰ ਵੀ ਸ਼ਾਮਲ ਹੋਣਗੇ। ਇਹ ਮੀਟਿੰਗ ਦੁਪਹਿਰ 12:00 ਵਜੇ ਹੋਵੇਗੀ।


ਆਮ ਆਦਮੀ ਪਾਰਟੀ ਦੀ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਮੁੱਖ ਮੰਤਰੀ ਦੇ ਕੁਝ ਕਰੀਬੀ ਆਗੂ, ਅਧਿਕਾਰੀ, ਉਦਯੋਗਪਤੀ ਬਜਟ ਤਿਆਰ ਕਰਦੇ ਸਨ, ਜਿਸ ਦਾ ਲਾਭ ਆਮ ਲੋਕਾਂ ਨੂੰ ਨਾ ਹੋ ਕੇ ਸਰਕਾਰ ਵਿੱਚ ਬੈਠੇ ਆਗੂਆਂ, ਉਦਯੋਗਪਤੀਆਂ ਤੇ ਕਾਰਪੋਰੇਟਰਾਂ  ਨੂੰ ਹੀ ਹੁੰਦਾ ਸੀ। 


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਪੁਰਾਣੀ ਪ੍ਰੰਪਰਾਂ ਨੂੰ ਖ਼ਤਮ ਕਰਕੇ ਲੋਕਤੰਤਰ ਦੇ ਮੂਲ ਸਿਧਾਂਤਾ ਦਾ ਪਾਲਣ ਕਰਦਿਆਂ ਜਨਤਾ ਦਾ ਬਜਟ, ਜਨਤਾ ਵੱਲੋਂ ਹੀ ਤਿਆਰ ਕਰਾਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦਾ ਬਜਟ ਹੁਣ ਉਦਯੋਗਪਤੀ ਤੇ ਅਧਿਕਾਰੀ ਨਹੀਂ, ਸਗੋਂ ਆਮ ਜਨਤਾ ਤਿਆਰ ਕਰੇਗੀ। 


ਹਰ ਜ਼ਿਲ੍ਹੇ ਵਿੱਚ ‘ਸਿੰਗਲ ਵਿੰਡੋ’ ਸਥਾਪਤ ਕਰੇਗੀ ਸਰਕਾਰ


ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸਰਕਾਰ ਹਰ ਜ਼ਿਲ੍ਹੇ ਵਿੱਚ ‘ਸਿੰਗਲ ਵਿੰਡੋ’ ਸਥਾਪਤ ਕਰੇਗੀ ਤਾਂ ਕਿ ਉਦਯੋਗਪਤੀਆਂ ਲਈ ਪ੍ਰਵਾਨਗੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਈ ਜਾ ਸਕੇ। ਮਾਨ ਨੇ ਚੰਡੀਗੜ੍ਹ ਵਿੱਚ ਸਨਅਤਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੰਗਲ ਵਿੰਡੋ ਉਦਯੋਗਪਤੀਆਂ ਨੂੰ ਆਪਣੇ ਪ੍ਰਾਜੈਕਟਾਂ ਲਈ ਫੌਰੀ, ਨਿਰਵਿਘਨ ਤੇ ਔਕੜ ਰਹਿਤ ਪ੍ਰਵਾਨਗੀ ਪ੍ਰਾਪਤ ਕਰਨ ਦੇ ਯੋਗ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨਿਵੇਸ਼ਕਾਂ ਤੇ ਉੱਦਮੀਆਂ ਨੂੰ ਸਹੂਲਤ ਦੇਣ ਲਈ ਵਚਨਬੱਧ ਹੈ।