ਮੋਨਿਕ ਜਿੰਦਲ ਕਤਲ ਦਾ ਸ਼ੂਟਰ ਗ੍ਰਿਫਤਾਰ
ਏਬੀਪੀ ਸਾਂਝਾ | 04 Nov 2017 05:10 PM (IST)
ਨਾਭਾ: ਨਾਭਾ ਵਿਖੇ ਆੜ੍ਹਤੀਏ ਮੋਨਿਕ ਜਿੰਦਲ ਦੇ ਕਤਲ ਕਾਂਡ ਵਿਚ ਪੁਲਿਸ ਨੇ ਪਹਿਲਾਂ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਅੱਜ ਦੂਸਰੇ ਦੋਸ਼ੀ ਸ਼ੂਟਰ ਬਿੱਟੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਮੋਨਿਕ ਜਿੰਦਲ ਦੀ ਬਿੱਟੂ ਸਿੰਘ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਪਿੱਛੇ ਦੋਸ਼ੀ ਸੁਖਵਿੰਦਰ ਸਿੰਘ ਨੇ ਪੈਸੇ ਦਾ ਲਾਲਚ ਦੇ ਕੇ ਬਿੱਟੂ ਤੋਂ ਇਹ ਕੰਮ ਕਰਵਾਇਆ ਸੀ। ਬਿੱਟੂ 'ਤੇ ਪਹਿਲਾ ਵੀ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਵੱਲੋਂ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕਤਲ ਵਾਲੇ ਦਿਨ ਮੌਨਿਕ ਜਿੰਦਲ ਪਾਲ ਖਾਦ ਸਟੋਰ ਨਵੀਂ ਅਨਾਜ ਮੰਡੀ ਵਿਖੇ ਆਪਣੀ ਦੁਕਾਨ ਵਿੱਚ ਬੈਠਾ ਸੀ। ਇਹ ਵਿਅਕਤੀ ਨੇ ਇੱਕ ਦੁਕਾਨ ਵਿੱਚ ਬੈਠੇ ਨੂੰ ਗੋਲੀ ਮਾਰ ਕੇ ਆਰਾਮ ਨਾਲ ਚਲਿਆ ਗਿਆ। ਦੁਕਾਨ ਕੋਲ ਖੜ੍ਹੇ ਕਿਸੇ ਦੀ ਵੀ ਹਿੰਮਤ ਨਹੀਂ ਹੋਈ ਕਿ ਉਨ੍ਹਾਂ ਨੂੰ ਕਾਬੂ ਕਰ ਸਕਣ। ਆਪਣੇ ਪੁੱਤਰ ਦੀ ਮੌਤ ਬਾਰੇ ਸੁਣ ਕੇ ਉਸ ਦੀ ਮਾਂ ਪਦਮਾ ਜਿੰਦਲ ਇੰਨੇ ਵੱਡੇ ਸਦਮੇ ਵਿੱਚ ਆ ਗਈ ਕਿ ਉਸ ਦੀ ਵੀ ਮੌਤ ਹੋ ਗਈ ਸੀ।