ਚੰਡੀਗੜ੍ਹ: ਮਾਨਸੂਨ ਦੇ ਇਸ ਮੌਸਮ ਵਿੱਚ ਹਰ ਅੱਖ ਅਸਮਾਨ ਵੱਲ ਵੇਖ ਮੀਂਹ ਦੀ ਉਮੀਦ ਕਰ ਰਹੀ ਹੈ ਪਰ ਹੁਣ ਤੱਕ ਪੰਜਾਬ ਵਿੱਚ ਮਾਨਸੂਨ ਦੇ ਵੱਖ-ਵੱਖ ਰੂਪ ਦੇਖਣ ਨੂੰ ਮਿਲੇ ਹਨ। ਪੰਜਾਬ ਦੇ ਕਈ ਇਲਾਕਿਆਂ ਵਿੱਚ ਝੜੀ ਲੱਗੀ ਹੈ ਤਾਂ ਕਿਤੇ ਲੋਕ ਮੀਂਹ ਦਾ ਰਾਹ ਤੱਕਦੇ ਹੀ ਥੱਕ ਗਏ ਹਨ।

 
ਮੌਸਮ ਵਿਭਾਗ ਦੇ ਅਫਸਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮਾਨਸੂਨ ਇਸ ਵਾਰ ਵਧੀਆ ਰਿਹਾ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਦੇ ਅੰਦਾਜ਼ੇ ਤੋਂ ਜ਼ਿਆਦਾ ਮੀਂਹ ਪਿਆ ਹੈ। ਵਿਭਾਗ ਤੋਂ ਮਿਲੇ ਅੰਕੜਿਆਂ ਮੁਤਾਬਕ ਇਸ ਵਾਰ ਸਭ ਤੋਂ ਜ਼ਿਆਦਾ ਮੀਂਹ ਰੋਪੜ ਵਿੱਚ ਪਿਆ ਹੈ ਪਰ ਇਸ ਦੇ ਨਾਲ ਹੀ ਪੰਜਾਬ ਦੇ ਕੁਝ ਜ਼ਿਲ੍ਹੇ ਅਜਿਹੇ ਹਨ ਜਿੱਥੇ ਵਿਭਾਗ ਦੀ ਭਵਿੱਖਵਾਣੀ ਤੋਂ ਵੀ ਘੱਟ ਮੀਂਹ ਪਿਆ ਹੈ। ਇਨ੍ਹਾਂ ਵਿੱਚ ਫਿਰੋਜਪੁਰ ਜ਼ਿਲ੍ਹਾ ਪਹਿਲੇ ਨੰਬਰ 'ਤੇ ਹੈ।

 

1 ਜੂਨ ਤੋਂ ਲੈ ਕੇ ਹੁਣ ਤੱਕ ਰੋਪੜ ਵਿੱਚ 272.4 ਫੀਸਦ ਮੀਂਹ ਪਿਆ ਹੈ, ਜਦਕਿ ਵਿਭਾਗ ਦੇ ਭਵਿੱਖਵਾਣੀ ਮੁਤਾਬਕ ਇੱਥੇ 220.9 ਫੀਸਦ ਮੀਂਹ ਪੈਣਾ ਚਾਹੀਦਾ ਸੀ। ਦੂਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਗੁਰੂ ਨਗਰੀ ਅੰਮ੍ਰਿਤਸਰ ਵਿੱਚ 268.2 ਫੀਸਦ ਮੀਂਹ ਪਿਆ ਹੈ। ਤੀਜੇ ਨੰਬਰ 'ਤੇ ਕਪੂਰਥਲਾ ਵਿੱਚ ਹੁਣ ਤੱਕ 245.4 ਫੀਸਦ ਮੀਂਹ ਪਿਆ ਹੈ। ਜਦਕਿ ਹੁਣ ਤੱਕ ਸਭ ਤੋਂ ਘੱਟ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮਹਿਜ 33.6 ਫੀਸਦ ਮੀਂਹ ਪਿਆ ਹੈ ਜਦਕਿ 100.5 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਸੀ। ਦੂਜੇ ਨੰਬਰ ਵਿੱਚ ਹਾਲੇ ਤੱਕ ਮੁਹਾਲੀ ਵਿੱਚ ਸਿਰਫ 85.1 ਫੀਸਦ ਮੀਂਹ ਪਿਆ ਹੈ ਜਦਕਿ ਵਿਭਾਗ ਦਾ ਅੰਦਾਜ਼ਾ ਸੀ ਕਿ ਇਸ ਵਾਰ ਮੁਹਾਲੀ ਵਿੱਚ 207.4 ਫੀਸਦ ਮੀਂਹ ਵਰ੍ਹੇਗਾ।