ਚੰਡੀਗੜ੍ਹ: ਸੂਬੇ ਵਿੱਚ ਵੀਰਵਾਰ ਨੂੰ ਪ੍ਰੀ-ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਰੋਪੜ, ਅੰਮ੍ਰਿਤਸਰ, ਪਠਾਨਕੋਟ ਤੇ ਗੁਰਦਾਸਪੁਰ ਵਿੱਚ ਤੇਜ਼ ਬਾਰਸ਼ ਨਾਲ ਹਵਾਵਾਂ ਵੀ ਚੱਲੀਆਂ। ਉੱਧਰ ਲੁਧਿਆਣਾ, ਪਟਿਆਲਾ ਤੇ ਜਲੰਧਰ ਸੁੱਕੇ ਰਹੇ। ਹਾਲਾਂਕਿ ਸ਼ਾਮ ਨੂੰ ਕੁਝ ਦੇਰ ਲਈ ਬੱਦਲ ਛਾਏ ਰਹੇ ਤੇ ਬੂੰਦਾਬਾਂਦੀ ਵੀ ਹੋਈ। ਮੌਸਮ ਵਿਭਾਗ ਨੇ ਕਿਹਾ ਹੈ ਕਿ 6 ਤੋਂ 8 ਜੁਲਾਈ ਤਕ ਮੌਸਮ ਏਦਾਂ ਦਾ ਹੀ ਬਣਿਆ ਰਹੇਗਾ।

ਮੌਸਮ ਵਿਭਾਗ ਦੀ ਮੰਨੀਏ ਤੇ ਸੂਬੇ ਵਿੱਚ 6 ਜੁਲਾਈ ਦੇ ਬਾਅਦ ਮਾਨਸੂਨ ਕਦੀ ਵੀ ਦਸਤਕ ਦੇ ਸਕਦਾ ਹੈ। ਹਿਮਾਚਲ ਵਿੱਚ 6 ਜੁਲਾਈ ਤੋਂ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਗਲੇ 24 ਘੰਟਿਆਂ ਵਿੱਚ ਹਰਿਆਣਾ 'ਚ ਵੀ ਮਾਨਸੂਨ ਪਹੁੰਚ ਜਾਏਗਾ। ਵੀਰਵਾਰ ਨੂੰ ਜਲੰਧਰ ਤੇ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 37 ਤੋਂ 38 ਡਿਗਰੀ ਵਿਚਾਲੇ ਰਿਹਾ, ਜਦਕਿ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਹੋਈ ਬਾਰਸ਼ ਬਾਅਦ ਲੁਧਿਆਣਾ ਦੇ ਤਾਪਮਾਨ 'ਚ 5.4 ਡਿਗਰੀ ਦੀ ਗਿਰਾਵਟ ਆਈ।

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੇ ਹਰਿਆਣਾ ਵਿੱਚ ਮਾਨਸੂਨ 8 ਸਾਲਾਂ ਵਿੱਚ 5ਵੀਂ ਵਾਰ ਦੇਰੀ ਨਾਲ ਪਹੁੰਚ ਰਿਹਾ ਹੈ। ਉੱਧਰ ਅੰਮ੍ਰਿਤਸਰ ਦੇ ਰਾਮਤੀਰਥ ਦੇ ਪਿੰਡ ਕੋਟਲਾ ਵਿੱਚ ਤੇਜ਼ ਹਵਾਵਾਂ ਕਰਕੇ ਖੇਤਾਂ ਵਿੱਚ ਬਣਾਏ ਕਮਰੇ ਦੀ ਛੱਤ ਡਿੱਗ ਗਈ ਤੇ ਦੋ ਮਜ਼ਦੂਰ ਮਲਬੇ ਵਿੱਚ ਦੱਬ ਗਏ। ਬਾਅਦ ਵਿੱਚ ਇਨ੍ਹਾਂ ਦੋਵਾਂ ਮਜ਼ਦੂਰਾਂ ਦੀ ਮੌਤ ਹੋ ਗਈ। ਦੋਵੇਂ ਬਿਹਾਰ ਦੇ ਰਹਿਣ ਵਾਲੇ ਸੀ।