ਚੰਡੀਗੜ੍ਹ: ਪੰਜਾਬ ਵਿੱਚ ਅਜੇ ਹੋਰ ਹੜ੍ਹ ਆਉਣਗੇ ਕਿਉਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਡੈਮ ਵਿੱਚੋਂ 19,000 ਕਿਊਸਿਕ ਪਾਣੀ ਹੋਰ ਛੱਡਿਆ ਜਾਏਗਾ। ਡੈਮ ਦਾ ਜਲ ਪੱਧਰ 1,681 ਫੁੱਟ 'ਤੇ ਹੈ ਪਰ ਇਸ ਨੂੰ 1,680 ਫੁੱਟ 'ਤੇ ਹੋਣਾ ਚਾਹੀਦਾ ਹੈ।


ਮੌਸਮ ਵਿਭਾਗ ਨੇ ਹਿਮਾਚਲ ਤੇ ਤਿੱਬਤ ਖੇਤਰ ਵਿੱਚ ਹਾਲੇ ਹੋਰ ਮੀਂਹ ਦੀ ਸੰਭਾਵਨਾ ਜਤਾਈ ਹੈ। ਲਿਹਾਜ਼ਾ ਡੈਮ ਤੋਂ ਪਾਣੀ ਛੱਡਿਆ ਜਾਣਾ ਲਾਜ਼ਮੀ ਹੈ। ਇਸ ਤੋਂ ਪਹਿਲਾਂ 16 ਅਗਸਤ ਨੂੰ ਵੀ ਪਾਣੀ ਛੱਡਿਆ ਗਿਆ ਸੀ ਜੋ ਪੰਜਾਬ ਦੇ ਕਈ ਹੇਠਲੇ ਜ਼ਿਲ੍ਹਿਆਂ ਵਿੱਚ ਭਰ ਗਿਆ ਹੈ।


BBMB ਵੱਲੋਂ ਕਿਹਾ ਗਿਆ ਹੈ ਕਿ ਭਾਖੜਾ ਡੈਮ ਵਿੱਚ ਪਾਣੀ ਦੀ ਸਥਿਤੀ 'ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ ਤੇ ਸਥਿਤੀ ਕੰਟਰੋਲ ਹੇਠ ਹੈ। ਡੈਮ ਦੀ ਸੁਰੱਖਿਆ ਲਈ ਤੇ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਨਾਲ ਹੀ ਡਾਊਨਸਟ੍ਰੀਮ ਵਿੱਚ ਸਪਿਲਵੇਅ ਵੱਲੋਂ ਘੱਟ ਤੋਂ ਘੱਟ ਪਾਣੀ ਛੱਡਿਆ ਜਾ ਰਿਹਾ ਹੈ।