ਅੰਮ੍ਰਿਤਸਰ: ਮਰਹੂਮ ਸਾਬਕਾ ਮੰਤਰੀ ਮਨਜੀਤ ਸਿੰਘ ਕਲਕੱਤਾ ਦਾ ਧੜਾ ਅੱਜ ਟਕਸਾਲੀ ਅਕਾਲੀ ਲੀਡਰਾਂ ਨਾਲ ਜਾ ਖੜ੍ਹਾ ਹੈ। ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਪ੍ਰਦੀਪ ਸਿੰਘ ਵਾਲੀਆ ਤੇ ਮਨਜੀਤ ਸਿੰਘ ਕਲਕੱਤਾ ਦੇ ਬੇਟੇ ਗੁਰਪ੍ਰੀਤ ਸਿੰਘ ਕਲਕੱਤਾ ਨੇ ਆਪਣੇ ਸਾਥੀਆਂ ਸਣੇ ਅੰਮ੍ਰਿਤਸਰ ਵਿੱਚ ਟਕਸਾਲੀਆਂ ਨਾਲ ਖੜ੍ਹਨ ਦਾ ਐਲਾਨ ਕੀਤਾ ਹੈ।
ਇਸ ਮੌਕੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਤੇ ਬਾਦਲ ਪਰਿਵਾਰ 'ਤੇ ਜੰਮ ਕੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 'ਤੇ ਕਬਜ਼ੇ ਬਾਰੇ ਵੀ ਬਾਦਲ ਦਾ ਚਾਅ ਛੇਤੀ ਹੀ ਲਾ ਦਿਆਂਗੇ। ਉਨ੍ਹਾਂ ਇਹ ਟਿੱਪਣੀ ਬਾਦਲ ਦੇ ਉਸ ਬਿਆਨ 'ਤੇ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜਿਸ ਦੇ ਕਬਜ਼ੇ ਹੇਠ ਐਸਜੀਪੀਸੀ ਹੈ, ਉਹ ਅਕਾਲੀ ਦਲ ਹੈ।
ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਨੇ ਬਾਦਲ ਪਰਿਵਾਰ ਦੀ ਅਗਵਾਈ ਵਿੱਚ ਬੱਜਰ ਪਾਪ ਕੀਤੇ ਹਨ। ਇਸ ਕਾਰਨ ਉਨ੍ਹਾਂ ਨੂੰ ਮਾਫੀ ਨਹੀਂ ਮਿਲ ਸਕਦੀ। ਰਤਨ ਸਿੰਘ ਅਜਨਾਲਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਨੇ ਇੱਕ ਸੁਰ ਵਿੱਚ ਆਖਿਆ ਕਿ ਉਹ ਲੋਕਾਂ ਦੀ ਸੇਵਾ ਲਈ ਤੇ ਬਾਦਲ ਪਰਿਵਾਰ ਦੇ ਸਿਆਸੀ ਖ਼ਾਤਮੇ ਲਈ ਦਿਨ-ਰਾਤ ਇੱਕ ਕਰ ਦੇਣਗੇ।
ਉਨ੍ਹਾਂ ਕਿਹਾ, "ਜੇਕਰ ਅਸੀਂ ਅਕਾਲੀ ਦਲ ਨੂੰ ਬਾਦਲ ਦੀ ਅਗਵਾਈ ਵਿੱਚ ਖੜ੍ਹਾ ਕਰ ਸਕਦੇ ਹਾਂ ਤਾਂ ਸਿਆਸੀ ਤੌਰ 'ਤੇ ਖਤਮ ਵੀ ਕਰ ਸਕਦੇ ਹਾਂ।" ਟਕਸਾਲੀਆਂ ਨੇ ਇਹ ਵੀ ਆਖਿਆ ਕਿ ਜੇ ਬਾਦਲ ਦੇ ਪੈਰ ਅੰਮ੍ਰਿਤਸਰ ਵਿੱਚੋਂ ਲੱਗੇ ਸਨ ਤੇ ਅੰਮ੍ਰਿਤਸਰ ਦੇ ਲੋਕ ਇਨ੍ਹਾਂ ਮਾਦਾ ਰੱਖਦੇ ਹਨ ਕਿ ਅਕਾਲੀ ਦਲ ਨੂੰ ਬਾਦਲ ਤੋਂ ਮੁਕਤ ਕਰਵਾ ਸਕਣ। ਬ੍ਰਹਮਪੁਰਾ ਨੇ ਆਖਿਆ ਕਿ 16 ਦਸੰਬਰ ਨੂੰ ਵੱਡੀ ਗਿਣਤੀ ਵਿੱਚ ਅਕਾਲੀ ਲੀਡਰ ਤੇ ਵਰਕਰ ਦਰਬਾਰ ਸਾਹਿਬ ਪੁੱਜਣਗੇ। ਉਸ ਦਿਨ ਉਹ ਲੋਕਾਂ ਦੇ ਅਕਾਲੀ ਦਲ ਦਾ ਗਠਨ ਕਰਕੇ ਲੋਕਾਂ ਦੀ ਸੇਵਾ ਦਾ ਅਹਿਦ ਲੈਣਗੇ