ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਅੱਜ ਕੈਨੇਡਾ ਲਈ ਫਲਾਈਟ ਰਾਤ ਨੂੰ ਰਵਾਨਾ ਹੋਵੇਗੀ। ਭਾਰਤ ਚ ਕੋਰੋਨਾ ਵਾਇਰਸ ਕਾਰਨ ਲੋਕਡਾਊਨ ਜਾਰੀ ਹੈ ਜਿਸ ਕਾਰਨ ਵੱਖ-ਵੱਖ ਦੇਸ਼ਾਂ ਦੇ ਲੋਕ ਭਾਰਤ ਵਿੱਚ ਫਸੇ ਹੋਏ ਹਨ। ਭਾਰਤ ਸਰਕਾਰ ਨੇ ਇਨ੍ਹਾਂ ਨਾਗਰਿਕਾਂ ਨੂੰ ਵਾਪਸ ਭੇਜਣ ਦੇ ਲਈ ਵਿਸ਼ੇਸ਼ ਫਲਾਈਟਾਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਸ ਤਹਿਤ ਕੈਨੇਡਾ ਨੂੰ ਲੈ ਕੇ ਜਾਣ ਵਾਲੇ ਨਾਗਰਿਕਾਂ ਦੀ ਕਤਰ ਏਅਰਲਾਇਨਜ਼ ਦੀ ਫਲਾਈਟ ਰਾਤ ਨੂੰ ਰਵਾਨਾ ਹੋਵੇਗੀ। ਭਾਰਤ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲੋਕਡਾਊਨ ਕਾਰਨ ਫਸੇ ਕੈਨੇਡੀਅਨ ਨਾਗਰਿਕ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਕੋਰੋਨਾ ਦੇ ਖਿਲਾਫ ਚੁੱਕੇ ਜਾ ਰਹੇ ਕਦਮ ਸਹੀ ਹਨ।
ਇਨ੍ਹਾਂ ਲੋਕਾਂ ਦੀ ਜ਼ੁਬਾਨੀ ਹੈ ਕਿ ਕੁਝ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਆਏ ਸਨ। ਥੋੜੇ ਸਮੇਂ ਲਈ ਆਏ ਸਨ ਪਰ ਦੋ ਢਾਈ ਮਹੀਨੇ ਤੋਂ ਵੱਧ ਸਮਾਂ ਇਨ੍ਹਾਂ ਨੂੰ ਭਾਰਤ 'ਚ ਰਹਿਣਾ ਪਿਆ। ਇਸ ਤੋਂ ਇਲਾਵਾ ਉਡਾਣਾਂ ਰੱਦ ਹੋਣ ਕਾਰਨ ਪਹਿਲੀਆਂ ਟਿਕਟਾਂ ਕੈਂਸਲ ਕਰਵਾਉਣੀਆਂ ਪਈਆਂ ਅਤੇ ਹੁਣ ਮਹਿੰਗੀਆਂ ਟਿਕਟ ਲੈਣੀਆਂ ਪਈਆਂ।
ਇਸ ਦੇ ਬਾਵਜੂਦ ਇਹ ਲੋਕ ਖੁਸ਼ ਸਨ ਕਿ ਉਹ ਹੁਣ ਆਪਣੇ ਦੇਸ਼ ਪਰਤ ਰਹੇ ਹਨ। ਸ਼ਨੀਵਾਰ 310 ਦੇ ਕਰੀਬ ਕੈਨੇਡੀਅਨ ਨਾਗਰਿਕ ਆਪਣੇ ਵਤਨੀ ਰਵਾਨਾ ਹੋਣਗੇ। ਕੈਨੇਡਾ ਸਰਕਾਰ ਵੱਲੋਂ ਜੋ ਰਜਿਸਟ੍ਰੇਸ਼ਨ ਪੋਰਟਲ ਬਣਾਇਆ ਗਿਆ ਸੀ, ਉਸ ਚ ਸਭ ਤੋਂ ਪਹਿਲਾਂ ਬਜ਼ੁਰਗ, ਬੱਚੇ ਤੇ ਔਰਤਾਂ ਨੂੰ ਪਹਿਲ ਦਿੱਤੀ ਗਈ ਸੀ। ਲੌਕਡਾਊਨ ਦੌਰਾਨ ਅੰਮ੍ਰਿਤਸਰ ਤੋਂ ਤਕਰੀਬਨ 15 ਫਲਾਈਟਾਂ ਕੈਨੇਡਾ ਲਈ ਰਵਾਨਾ ਹੋ ਚੁੱਕੀਆਂ ਹਨ ਜੋ ਅੱਗੇ ਵੀ ਜਾਰੀ ਰਹਿਣਗੀਆਂ