ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਕਸਬਾ ਮੌੜ ਮੰਡੀ ਵਿੱਚ ਸਾਲ 2017 'ਚ ਹੋਏ ਬੰਬ ਧਮਾਕੇ ਦੇ ਦੋਸ਼ੀ ਅਜੇ ਤੱਕ ਫਰਾਰ ਹਨ। ਬਲਾਸਟ ਵਿੱਚ ਦੋਸ਼ੀ ਵਿਅਕਤੀਆਂ ਨੂੰ ਫੜਨ ਲਈ ਪੁਲਿਸ ਨੇ ਕਈ ਕਮੇਟੀਆਂ ਦਾ ਗਠਨ ਕੀਤਾ ਪਰ ਪੁਲਿਸ ਦੇ ਹਾਲੇ ਤੱਕ ਹੱਥ ਖਾਲੀ ਹਨ। ਇਸ ਮੁੱਦੇ ਨੂੰ ਲੈ ਕੇ ਪੰਜਾਬ ਭਰ ਵਿੱਚ ਸਿਆਸਤ ਵੀ ਗਰਮਾਈ ਰਹੀ।

ਦਰਆਸਲ, 31 ਜਨਵਰੀ 2017 ਨੂੰ ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਵਿੱਚ ਟਰੱਕ ਯੂਨੀਅਨ ਦੇ ਨੇੜੇ ਚੋਣਾਂ ਸਬੰਧੀ ਸ਼ਾਮ ਨੂੰ ਹੋ ਰਹੀ ਮੀਟਿੰਗ ਦੌਰਾਨ ਬੰਬ ਧਮਾਕਾ ਹੋ ਗਿਆ ਸੀ। ਧਮਾਕੇ ਦੌਰਾਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 23 ਵਿਅਕਤੀ ਜਖ਼ਮੀ ਹੋ ਗਏ ਸਨ। ਜਿਸ ਸਬੰਧੀ ਆਈਪੀਸੀ ਦੀ ਧਾਰਾ 302, 307, 427, 436 ਤੇ 3/4 ਐਕਸਪਲੋਜਿਵ ਐਕਟ ਦੇ ਤਹਿਤ ਥਾਣਾ ਮੌੜ ਵਿੱਚ ਮੁਕਦਮਾ ਦਰਜ ਹੋਇਆ ਸੀ।

ਮੁਕੱਦਮੇ ਦੀ ਤਫਤੀਸ਼ ਦੌਰਾਨ ਤਿੰਨ ਵਿਅਕਤੀ ਗੁਰਤੇਜ਼ ਸਿੰਘ ਵਾਸੀ ਅਲੀਕਾਂ ਜਿਲ੍ਹਾ ਸਿਰਸਾ, ਅਮਰੀਕ ਸਿੰਘ ਵਾਸੀ ਬਾਦਲਗੜ੍ਹ ਜਿਲ੍ਹਾ ਸੰਗਰੂਰ ਤੇ ਅਵਤਾਰ ਸਿੰਘ ਵਾਸੀ ਭੈਂਸੀ ਮਾਜਰਾ, ਜਿਲ੍ਹਾ ਕੂਰਕਸ਼ੇਤਰ ਦੋਸ਼ੀ ਪਾਏ ਗਏ ਸਨ। ਇਹ ਮੁਲਜ਼ਮ ਮੁਕੱਦਮੇ ਵਿੱਚ ਭਗੌੜੇ ਹਨ।

ਐਸਐਸਪੀ ਬਠਿੰਡਾ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਨ ਲਈ ਇਸ਼ਤਿਹਾਰ ਜਾਰੀ ਕਰਨ ਦੀ ਤਿਆਰੀ ਵਿੱਚ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਮੌੜ ਮੰਡੀ ਵਿਖੇ ਚੱਲ ਰਹੀ ਸੁਸਤ ਤੇ ਢਿੱਲੀ ਜਾਂਚ ਵਿੱਚ ਨੋਟਿਸ ਲੈਂਦੇ ਹੋਏ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਬਣਾਈ ਗਈ ਕਮੇਟੀ ਨੂੰ ਜਲਦ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਸੀ।