ਅੰਮ੍ਰਿਤਸਰ: ਗੁਰੂ ਨਗਰੀ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੱਜਕੱਲ੍ਹ ਰੇਲਵੇ ਸਟੇਸ਼ਨ ਦੀ ਕਾਰਗੁਜ਼ਾਰੀ ਤੋਂ ਕੁਝ ਖਾਸੇ ਨਾਰਾਜ਼ ਹਨ। ਪਿਛਲੇ ਹਫਤੇ ਦੌਰਾਨ ਉਨ੍ਹਾਂ ਨੇ ਤੀਜੀ ਵਾਰ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਤੇ ਖਾਮੀਆਂ ਨੂੰ ਉਜਾਗਰ ਕੀਤਾ। ਇਸ ਲਈ ਰੇਲਵੇ ਵਿਭਾਗ ਦੇ ਅਧਿਕਾਰੀਆਂ ਤੇ ਠੇਕੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ।   ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਵੱਡੇ ਪੱਧਰ 'ਤੇ ਰਿਸ਼ਵਤਖੋਰੀ ਤੇ ਮਿਲੀਭੁਗਤ ਚੱਲ ਰਹੀ ਹੈ। ਇਸ ਕਾਰਨ ਠੇਕੇਦਾਰ ਮੌਜਾਂ ਲੁੱਟ ਰਹੇ ਹਨ ਤੇ ਲੋਕਾਂ ਦੇ ਪੈਸੇ ਦੀ ਵੱਡੀ ਪੱਧਰ 'ਤੇ ਲੁੱਟ ਘਸੁੱਟ ਹੋ ਰਹੀ ਹੈ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਕੋਈ ਚਿੰਤਾ ਨਹੀਂ। ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਖਿਆ ਕਿ ਉਹ ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੂੰ ਵੀ ਮਿਲਣਗੇ। ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣਗੇ। ਰੇਲਵੇ ਸਟੇਸ਼ਨ ਕੇਂਦਰ ਸਰਕਾਰ ਨਾਲ ਜੁੜਿਆ ਮਹਿਕਮਾ ਹੋਣ ਕਾਰਨ ਪੁੱਛੇ ਸਵਾਲ ਦੇ ਜਵਾਬ ਵਿੱਛ ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਉਨ੍ਹਾਂ ਅਦਾਰਿਆਂ 'ਤੇ ਵੀ ਛਾਪੇਮਾਰੀ ਕਰ ਚੁੱਕੇ ਹਨ ਜਿੱਥੇ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ। ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮ ਨੂੰ ਜਾਰੀ ਰੱਖਣਗੇ ਤੇ ਲੋਕਾਂ ਦੀ ਆਵਾਜ਼ ਨੂੰ ਇਸੇ ਤਰ੍ਹਾਂ ਹੀ ਬੁਲੰਦ ਕਰਦੇ ਰਹਿਣਗੇ।