ਚੰਡੀਗੜ੍ਹ: ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਸਮੇਤ 29 ਮਿਉਂਸਿਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਮੱਖੂ, ਬਾਘਾਪੁਰਾਣਾ ਅਤੇ ਮੱਲਾਂਵਾਲਾ ’ਚ ਕਾਂਗਰਸ ਦੇ ਉਮੀਦਵਾਰਾਂ ਨੂੰ ਬਿਨਾ ਮੁਕਾਬਲਾ ਜੇਤੂ ਕਰਾਰ ਦਿੱਤਾ ਜਾ ਚੁੱਕਾ ਹੈ। ਵੋਟਾਂ ਪਾਉਣ ਦਾ ਅਮਲ ਸਵੇਰੇ 8 ਤੋਂ ਸ਼ੁਰੂ ਹੋ ਚੁੱਕਾ ਹੈ। ਹਾਲਾਂਕਿ, ਸ਼ੁਰੂਆਤ ਢਿੱਲੀ ਰਹੀ ਪਰ ਮੌਸਮ ਸਾਫ ਤੇ ਧੁੱਪ ਖਿੜਨ ਦੇ ਕਾਰਨ ਚੰਗੀ ਵੋਟਿੰਗ ਦੀ ਆਸ ਹੈ। ਵੋਟਾਂ ਪੈਣ ਤੋਂ ਬਾਅਦ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਨਤੀਜਿਆਂ ਦਾ ਐਲਾਨ ਅੱਜ ਸ਼ਾਮ ਨੂੰ ਕੀਤਾ ਜਾਵੇਗਾ। ਪੰਜਾਬ ਚੋਣ ਕਮਿਸ਼ਨ ਨੇ ਸੰਵੇਦਨਸ਼ੀਲ ਥਾਵਾਂ ’ਤੇ ਵੀਡੀਓਗ੍ਰਾਫੀ ਕਰਾਉਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਪੰਜਾਬ ਦੀਆਂ ਇਨ੍ਹਾਂ ਸ਼ਹਿਰੀ ਖੇਤਰ ਦੀਆਂ ਸੰਸਥਾਵਾਂ ’ਚ ਪਹਿਲੀ ਵਾਰੀ ਔਰਤਾਂ ਨੂੰ 50 ਫ਼ੀ ਸਦੀ ਰਾਖਵਾਂਕਰਨ ਦਿੱਤਾ ਗਿਆ ਹੈ ਤੇ ਇਸ ਵਾਰੀ ਔਰਤਾਂ ਦੀ ਨੁਮਾਇੰਦਗੀ ਵਧ ਜਾਵੇਗੀ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਸੂਬੇ 'ਚ ਸੱਤਾ 'ਤੇ ਕਾਬਜ਼ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਵਕਾਰ ਦਾਅ ’ਤੇ ਲੱਗਿਆ ਹੋਇਆ ਹੈ। ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਵਿਧਾਇਕਾਂ ਨੇ ਤਾਂ ਕੌਂਸਲਰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਰਮਿਆਨ ਟਕਰਾਅ ਦੇ ਮਾਮਲੇ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ ਤੇ ਕਈ ਥਾਈਂ ਹਿੰਸਕ ਘਟਨਾਵਾਂ ਵੀ ਵਾਪਰੀਆਂ ਹਨ। ਪੰਜਾਬ ਦੀਆਂ ਜ਼ਿਆਦਾਤਰ ਸ਼ਹਿਰੀ ਸੰਸਥਾਵਾਂ ’ਤੇ ਅਕਾਲੀ-ਭਾਜਪਾ ਗੱਠਜੋੜ ਦਾ ਹੀ ਕਬਜ਼ਾ ਸੀ। ਕਾਂਗਰਸ ਦੀ 10 ਸਾਲਾਂ ਬਾਅਦ ਵਾਪਸੀ ਦੇ ਆਸਾਰ ਹਨ। ਜਿਨ੍ਹਾਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਵੋਟਾਂ ਪੈਣਗੀਆਂ, ਉਨ੍ਹਾਂ ਵਿੱਚ ਰਾਜਾਸਾਂਸੀ (ਅੰਮ੍ਰਿਤਸਰ), ਹੰਢਿਆਇਆ (ਬਰਨਾਲਾ), ਅਮਲੋਹ (ਫਤਿਹਗੜ੍ਹ ਸਾਹਿਬ), ਭੋਗਪੁਰ, ਸ਼ਾਹਕੋਟ, ਗੋਰਾਇਆ ਅਤੇ ਬਿਲਗਾ (ਜਲੰਧਰ), ਢਿੱਲਵਾਂ, ਬੇਗੋਵਾਲ ਅਤੇ ਭੁਲੱਥ (ਕਪੂਰਥਲਾ), ਮਾਛੀਵਾੜਾ, ਮੁੱਲਾਂਪੁਰ ਦਾਖਾ, ਮਲੌਦ ਅਤੇ ਸਾਹਨੇਵਾਲ (ਲੁਧਿਆਣਾ), ਧਰਮਕੋਟ ਅਤੇ ਪੰਜਤੂਰ (ਮੋਗਾ), ਬਰੀਵਾਲਾ (ਮੁਕਤਸਰ), ਘੱਗਾ ਅਤੇ ਘਨੌਰ (ਪਟਿਆਲਾ) ਨਰੋਟ ਜੈਮਲ ਸਿੰਘ (ਪਠਾਨਕੋਟ), ਦਿੜ੍ਹਬਾ, ਚੀਮਾ, ਘਨੌਰੀ ਅਤੇ ਮੂਣਕ (ਸੰਗਰੂਰ), ਖੇਮਕਰਨ (ਤਰਨ ਤਾਰਨ), ਭਿੱਖੀ (ਮਾਨਸਾ), ਬਲਾਚੌਰ (ਐਸ.ਬੀ.ਐਸ. ਨਗਰ), ਤਲਵੰਡੀ ਸਾਬੋ (ਬਠਿੰਡਾ) ਅਤੇ ਮਾਹਿਲਪੁਰ (ਹੁਸ਼ਿਆਰਪੁਰ) ਸ਼ਾਮਲ ਹਨ।