ਪਤਨੀ ਦਾ ਕਾਤਲ ਪਤੀ ਨਿਆਂਇਕ ਹਿਰਾਸਤ 'ਚ
ਏਬੀਪੀ ਸਾਂਝਾ | 21 Oct 2017 11:16 AM (IST)
ਮੋਹਾਲੀ: ਫੇਜ਼-10 ਸਥਿਤ ਹੋਟਲ ਸਰਾਓ ਦੇ ਮਾਲਕ ਨਿਰੰਕਾਰ ਸਿੰਘ ਨੂੰ ਪਤਨੀ ਦੀ ਹੱਤਿਆ ਦੇ ਦੋਸ਼ ਹੇਠ ਅਦਾਲਤ ਨੇ 14ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਪੁਲੀਸ ਵੱਲੋਂ ਮੁਲਜ਼ਮ ਨੂੰ ਅੱਜ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਹੋਟਲ ਮਾਲਕ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਮੁਲਜ਼ਮ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਗੋਲੀਆਂ ਮਾਰ ਕੇ ਆਪਣੀ ਪਤਨੀ ਕੁਲਵੰਤ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਫੇਜ਼-11 ਥਾਣੇ ਦੇ ਐਸਐਚਓ ਅਮਰਪ੍ਰੀਤ ਸਿੰਘ ਦੀ ਮੌਕੇ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਹੋਟਲ ਮਾਲਕ ਨਿਰੰਕਾਰ ਸਿੰਘ ਦੇ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਮੁਲਾਜ਼ਮ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਲਾਇਸੈਂਸੀ ਰਿਵਾਲਵਰ ਵੀ ਜ਼ਬਤ ਕਰ ਲਿਆ ਸੀ। ਜਾਣਕਾਰੀ ਅਨੁਸਾਰ ਨਿਰੰਕਾਰ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਅਤੇ ਉਸ ਦਾ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਇਲਾਜ ਚਲ ਰਿਹਾ ਸੀ।